ਪੰਨਾ:ਨਿਰਮੋਹੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪

ਨਿਰਮੋਹੀ

ਠੇਥ ਲਗੀ। ਮੈਂ ਸੋਚਿਆ, ਮੈਂ ਵੀ ਅਜੀਬ ਅਹਿਮਕ ਹਾਂ, ਇਕ ਆਦਮੀ ਮੈਨੂੰ ਬਾਰ ਬਾਰ ਠੁਕਰਾ ਰਿਹਾ ਏ ਤੇ ਮੈਂ ਫਿਰ ਉਸ ਦੇ ਪਿਛੇ ਪਿਛੇ ਫਿਰਾਂ! ਇਹ ਸੋਚ ਮੈਂ ਸਦਾ ਲਈ ਉਸ ਨੂੰ ਭੁਲਾਨ ਦੀ ਕੋਸ਼ਸ਼ ਕਰਨ ਲਗੀ। ਅਰ ਇਸ ਵਕਤ ਮੈਨੂੰ ਉਸ ਤੋਂ ਸਖਤ ਨਫਰਤ ਹੈ।

ਪਹਿਲੇ ਤੇ ਮੇਰੀ ਸਲਾਹ ਸੀ ਕਿ ਸਾਰੀ ਉਮਰ ਸ਼ਾਦੀ ਹੀ ਨਾ ਕਰਾਂ। ਪਰ ਮਾਂ ਨੂੰ ਰੋਜ਼ ਰੋਜ਼ ਤਰਲੇ ਲੈਂਦੀ ਦੇਖ ਮੇਰੇ ਪਾਸੋਂ ਰਿਹਾ ਨਹੀਂ ਜਾ ਸਕਦਾ। ਇਸ ਲਈ ਮੈਂ ਐਫ. ਏ. ਕਰਕੇ ਕਾਲਜ ਛਡ ਦੇਵਾਂਗੀ। ਤੇ ਕਿਸੇ ਨਾ ਕਿਸੇ ਨਾਲ ਵਿਆਹ ਕਰਕੇ ਗਰਿਸਤੀ ਜੀਵਨ ਬਿਤਾਵਾਂਗੀ।

ਬਸ ਇਹ ਹੈ ਮੇਰੀ ਦੁਖਾਂ ਭਰੀ ਕਹਾਣੀ। ਜਿਸ ਨੇ ਮੈਨੂੰ ਮਰਦ ਉਤੇ ਇਤਬਾਰ ਨਾ ਕਰਨ ਲਈ ਮਜਬੂਰ ਕਰ ਦਿਤਾ ਸੀ। ਤੇਰੇ ਕਹਿਣੇ ਮੁਤਾਬਕ ਚਾਹੇ ਪੰਜੇ ਉਂਗਲਾਂ ਇਕੋ ਜਹੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਇਕ ਗੰਦੀ ਮਛਲੀ ਸਾਰੇ ਤਲਾਂ ਨੂੰ ਗੰਦਾ ਕਰ ਦੇਂਦੀ ਹੈ ।

'ਅਜੇ ਕਲ ਉਹ ਜੁਗਿੰਦਰ ਕੀ ਕਰ ਰਿਹਾ ਹੈ?'
'ਪੜ੍ਹ ਰਿਹਾ ਹੈ ਕਾਲਜ ਵਿਚ।'
'ਕੇਹੜੀ ਕਲਾਸ ਵਿਚ?'
'ਐਫ. ਏ. ਵਿਚ।'

'ਫਿਰ ਤੇ ਮੈਨੂੰ ਇਹੋ ਲਗਦਾ ਹੈ, ਪ੍ਰੀਤਮ, ਉਹ ਜੁਗਿੰਦਰ ਹੋਰ ਨਹੀਂ, ਸਾਡੇ ਕਾਲਜ ਵਾਲਾ ਈ ਹੈ।'

'ਪਰੇ ਛਡ, ਮਾਲਾ, ਕੀ ਤੂੰ ਵੀ ਹੁਣ ਵਾਲ ਦੀ ਖੱਲ ਲੋਹਣ ਡਹੀ ਏਂ। ਆਪੇ ਲਗ ਜਾਏਗਾ ਪਤਾ।'