ਪੰਨਾ:ਪਾਪ ਪੁੰਨ ਤੋਂ ਪਰੇ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਂਗਲੀ ਨਾਲ ਉਨ੍ਹਾਂ ਨੂੰ ਛੋਹਿਆ ਤੇ ਫੇਰ ਆਪਣੀ ਜੀਭ ਉਨ੍ਹਾਂ ਤੇ ਫੇਰ ਕੇ ਮਹਿਸੂਸਿਆ। ਓਹ ਖਰ੍ਹਵੇ ਸਨ, ਓਹਨਾਂ ਤੇ ਪੇਪੜੀਆਂ ਜੰਮੀਆਂ ਪਈਆਂ ਸਨ-ਤੇ ਫੇਰ ਝੱਟ ਹੀ ਜਿਵੇਂ ਉਸ ਨੂੰ ਆਪਣੀ ਕੋਈ ਗਵਾਚੀ ਸ਼ੈ ਚੇਤੇ ਆ ਗਈ ਹੋਵੇ। ਇਕ ਝਟਕੇ ਨਾਲ ਉਸ ਨੇ ਸ਼ਿੰਗਾਰ ਟੇਬਲ ਦੀ ਦਰਾਜ਼ ਖਿਚ ਲਈ ਤੇ ਦੂਜੇ ਪਲ ਹੀ ਉਹ ਆਪਣਿਆਂ ਹੋਠਾਂ ਤੇ ਲਿਪ ਸਟਿਕ ਘਸਾ ਰਹੀ ਸੀ। ਹੁਣ ਉਸ ਨੂੰ ਇਕ ਹੋਰ ਘਾਟ ਪਰਤੀਤ ਹੋਈ। ਉਸ ਦੇ ਵਾਲ ਰੁੱਖੇ ਸਨ ਤੇ ਅਣਵਾਹੇ ਵੀ। ਇਕ ਹੋਰ ਝਟਕਾ, ਤੇ ਉਸ ਦਾ ਜੂੜਾ ਖੁਲ੍ਹ ਗਿਆ ਸੀ। ਉਹ ਆਪਣਿਆਂ ਵਾਲਾਂ ਵਿਚ ਕੰਘੀ ਕਰ ਰਹੀ ਸੀ! ਉਸ ਵਖੋ ਵਖ ਜ਼ਾਵੀਆਂ ਨਾਲ ਕਈ ਵਾਰ ਚੀਰ ਕੱਢ ਕੱਢ ਕੇ ਵੇਖਿਆ। ਜਦੋਂ ਉਸ ਨੂੰ ਤਸੱਲੀ ਹੋ ਗਈ ਤਾਂ ਉਹ ਫੇਰ ਕਦ-ਆਦਮ ਸ਼ੀਸ਼ੇ ਸਾਹਵੇਂ ਬੁਤ ਵਾਂਗ ਅਹਿੱਲ ਸੀ। ਉਸ ਇਕ ਲੰਮਾ ਸਾਰਾ ਸਾਹ ਭਰਿਆ ਤੇ ਫੇਰ ਆਪਣੇ ਸੀਨੇ ਦੇ ਉਭਾਰਾਂ ਵਲ ਵੇਖ ਕੇ ਬਾਹਰ ਉਗਲ ਦਿੱਤਾ। ਉਹ ਕੁਝ ਬੇ-ਚੈਨ ਜਹੀ ਜਾਪਦੀ ਸੀ। ਉਸ ਦਾ ਦਿਲ ਤੇ ਦਿਮਾਗ ਦੋਵੇਂ ਹੀ ਖ਼ਿਆਲਾਂ ਦੇ ਬੋਝ ਨਾਲ ਇਤਨੇ ਭਾਰੀ ਹੋ ਗਏ ਸਨ, ਕਿ ਉਨ੍ਹਾਂ ਦਾ ਅਸਰ ਉਸ ਦੀ ਬਾਹਰ-ਮੁਖੀ ਜ਼ਿੰਦਗੀ ਦੀ ਹੋਰ ਹਰਕਤ ਤੇ ਛਾ ਗਿਆ ਸੀ। ਉਹ ਹੌਲੀ ਹੌਲੀ ਕਾਫ਼ੀ ਦੇਰ ਤੀਕ ਕਮਰੇ ਵਿਚ ਘੁੰਮਦੀ ਰਹੀ।

ਕਦੀ ਕਦੀ ਉਹ ਚਿਕ ਵਿਚੋਂ ਦੀ ਬਾਹਰ ਸੜਕ ਵਲ ਵੀ ਦੇਖ ਲੈਂਦੀ ਸੀ। ਉਸ ਦੀ ਨਜ਼ਰ ਸੜਕ ਦੇ ਨਾਲ ਨਾਲ ਸਰਕਦੀ ਜਾਦੀ ਤੇ ਚੁਰਾਹੇ ਤੇ ਅਪੜ ਕੇ ਰੁੱਕ ਜਾਂਦੀ। ਹਰ ਵਾਰ ਉਸ ਦੀ ਨਜ਼ਰ ਦੀ ਹੱਦ ਚੁਰਾਹਾ ਹੁੰਦਾ। ਜਾਪਦਾ ਸੀ ਜਿਵੇਂ ਉਹ ਚੁਰਾਹੇ ਦੀ ਹਾਲਤ ਵਿਚ ਕਿਸੇ ਤਬਦੀਲੀ ਦੀ ਚਾਹਵਾਨ ਸੀ। ਪਰ ਹਰ

੪੭