ਪੰਨਾ:ਪਾਪ ਪੁੰਨ ਤੋਂ ਪਰੇ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨਾਂ ਲਈ ਪਾਣੀ ਭਰਦੀ ਸੀ। ਉਸ ਦੀ ਸੱਸ ਪਿੰਡ ਵਿਚ ਦਾਈਆਂ ਦਾ ਕੰਮ ਕਰਨ ਲੱਗ ਪਈ। ਕਈ ਵਾਰੀ ਉਸ ਨੂੰ ਉਹ ਗੰਦੇ ਤੇ ਮੈਲੇ ਕਪੜੇ ਵੀ ਧੋਣੇ ਪੈਂਦੇ ਜੋ ਉਸ ਦੀ ਸੱਸ ਲੋਕਾਂ ਦੇ ਘਰੋਂ ਲਿਆਇਆ ਕਰਦੀ ਸੀ। ਉਸ ਨੂੰ ਆਪਣੀ ਸੱਸ ਦਾ ਪੇਸ਼ਾ ਬਹੁਤ ਬੁਰਾ ਲੱਗਦਾ ਸੀ ਤੇ ਉਹ ਆਖਿਆ ਕਰਦੀ, “ਮਾਂ ਜੀ ਭਲਾ ਹੇ ਵੀ ਕੋਈ ਕੰਮ ਐ ਲੋਕਾਂ ਨੇ ਘਰ ਬੱਚੇ ਜਮਾਓ। ਜੇ ਜਾਕਤ ਹੋਵੈ ਤਾਂ ਦੋਹਾਂ ਰੁਪਿਆਂ ਨਾਲ ਹਿਕ ਕੁੜਤੀਪੱਲਾ ਤੇ ਜੇ ਕੁੜੀ ਹੋਵੈ ਤਾਂ..... ਛੀ, ਛੀ।" ਤੇ ਉਸ ਦੀ ਸੱਸ ਉਸ ਨੂੰ ਚੁਪ ਕਰਾ ਦਿੰਦੀ। “ਨਾ ਨੂੰਹਾਂ ਧੀਆਂ ਨਹੀਂ ਇੰਝ ਆਖਣੀਆਂ ਹੋਨੀਆਂ।" ਉਹ ਜਾਣਦੀ ਸੀ, ਉਸ ਦੀ ਸੱਸ ਤੋਂ ਕੋਈ ਹੋਰ ਕੰਮ ਹੋਣਾ ਵੀ ਕਿਥੇ ਸੀ।

ਉਹ ਆਪਣੇ ਬਿਸਤਰੇ ਵਿਚ ਲੇਟੀ ਪਾਸੇ ਮਾਰ ਰਹੀ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ ਅਜ। ਅਜ ਉਸ ਨੇ ਚੁਤਰਥ ਦਾ ਚੰਨ ਵੇਖਿਆ ਸੀ ਤੇ ਉਹ ਸੋਚ ਰਹੀ ਸੀ-ਚੰਨ ਦਾ ਕਰੋਪ—ਕੋਈ ਝੂਠੀ ਤੁਹਮਤ—ਆਖਰ ਕੀ ਹੋਵੇਗਾ—? ਇਹ ਚੰਨ ਕਦੀ ਕਿਉਂ ਵਧ ਜਾਂਦਾ ਹੈ ਕਦੀ ਘਟ ਜਾਂਦਾ—ਏਕਮ ਦਾ ਚੰਨ ਕਿਤਨਾ ਸੋਹਣਾ ਹੁੰਦਾ ਹੈ, ਵਲ ਖਾਂਦੀ ਹੋਈ ਦੀਵੇ ਦੀ ਲਾਟ ਵਾਂਗ—ਤੇ ਫਿਰ ਉਸ ਨੂੰ ਕਈ ਅਵਾਜਾਂ ਜਹੀਆਂ ਸੁਣਾਈ ਦੇਣ ਲਗੀਆਂ, ਪਿੰਡ ਦੇ ਜਵਾਨ ਗਭਰੂਆਂ ਦੀਆਂ। ਉਹ ਹਰ ਇਕ ਦੀ ਆਵਾਜ਼ ਪਛਾਣ ਸਕਦੀ ਸੀ—ਲਾਲੂ ਮਹਿੰਦਾ, ਚੰਨਣ, ਦੇਵਾ, ਤੇ ਆਪ ਕਰਮਾਂ ਪਟਵਾਰੀ। ਸਾਰੇ ਆਖ ਰਹੇ ਸਨ ਦੁਲਾਰੀ ਇਕ ਦੀਵਾ ਹੈ ਤੇ ਅਸੀਂ ਸਾਰੇ ਭੰਬਟ.....ਉਹ ਚੰਨ ਹੈ ...ਨਹੀਂ ਚੰਨੀ....... ਤੇ ਉਹ ਸੁਤੀ ਸੁਤੀ ਅਭੜਵਾਹੇ ਉਠ ਖੜੋਤੀ। ਉਸ ਨੇ ਵੇਖਿਆ ਉਸ ਦੀ ਸੱਸ ਅਜੇ ਤੀਕ ਸਰਹੋਂ ਦੇ ਤੇਲ ਦੇ ਦੀਵੇ ਕੋਲ ਬੈਠੀ

੬੪