ਪੰਨਾ:ਪਾਰਸ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)


ਤੇ ਮਤੇਈ ਮਾਂ ਕਿਥੇ ਸਨ ? ਡਰਦਿਆਂ ਮਾਰਿਆਂ ਕੋਈ ਪਰਛਾਵਾਂ ਵੀ ਨਹੀਂ ਸੀ ਲੈਣਾ ਚਾਹੁੰਦਾ। ਬਸ ਦਿਨ ਰਾਤ ਤਾਇਆ ਜੀ ਹੀ ਸਨ ਜੋ ਮੰਜੇ ਨਾਲ ਮੰਜਾ ਬਣੇ ਹੋਏ ਸਨ।

ਵਿਚਕਾਰਲੀ ਨੋਂਹ ਨੇ ਆਖਿਆ,'ਜੇ ਪਾਰਸ ਦੀ ਮਾਂ ਜੀਉਂਦੀ ਵੀ ਰਹਿੰਦੀ ਤਾਂ ਇਹ ਕੁਝ ਨ ਕਰ ਸਕਦੀ ।'

ਗੁਰਚਰਨ ਕੁਝ ਸੰਗ ਜਹੀ ਨਾਲ ਬੋਲੇ, ਰਹਿਣ ਦੇ ਧੀਏ, ਇਹ ਪਿਛਲੀਆਂ ਗਲਾਂ ਕੀ ਫੋਲਣੀਆਂ ਹੋਈਆਂ ।

ਉਹਦੇ ਚਲੇ ਜਾਣ ਪਿੱਛੋਂ ਬੁੱਢੇ ਗੁਰਚਰਨ ਦੀਆਂ ਅਖਾਂ ਅਗੇ ਬਿਮਲ ਤੇ ਪਾਰਸ ਦੋਵੇਂ ਇਕ ਵੇਰਾਂ ਹੀ ਆਗਏ। ਅੰਧੇਰੀ ਰਾਤ ਵਿਚ ਕਾਲੇ ਅਕਾਸ਼ ਵਲੋਂ ਵੇਖ ਕੇ ਉਸ ਦੇ ਮੂੰਹੋਂ ਇਕ ਵੱਡਾ ਸਾਰਾ ਹੌਕਾ ਨਿਕਲ ਗਿਆ ਇਹਦੇ ਪਿਛੋਂ ਇਕ ਮੋਟੀ ਸਾਰੀ ਡਾਂਗ ਲੈਕੇ ਉਹ ਸਰਕਾਰਾਂ ਦੀ ਬੈਠਕ ਵਿਚ ਸ਼ਤਰੰਜ ਖੇਡਣ ਚਲੇ ਗਏ।

ਦੂਜੇ ਦਿਨ ਦੁਪਹਿਰ ਨੂੰ ਗੁਰਚਰਨ ਰੋਟੀ ਖਾਣ ਬੈਠੇ ਸਨ। ਰਸੋਈ ਦਾ ਪਹਾੜ ਵੱਲ ਦਾ ਕੁਝ ਹਿੱਸਾ ਵਲਕੇ ਹਰਿਚਰਨ ਦਾ ਕੰਮ ਚਲਾ ਰਿਹਾ ਸੀ । ਇਥੋਂ ਉੱਚੀ ਉੱਚੀ ਇਕ ਇਸਤ੍ਰੀ ਦੇ ਮੂੰਹੋ ਐਹੋ ਜਹੀਆਂ ਗੱਲਾਂ ਨਿਕਲ ਰਹੀਆਂ ਸਨ ਕਿ ਜਿਨ੍ਹਾਂ ਦਾ ਕਦੇ ਭਰੋਸਾ ਨਹੀਂ ਸੀ ਹੋ ਸਕਦਾ। ਇਹ ਕੁਝ ਸੁਣ ਕੇ ਉਹਨਾਂ ਲਈ ਰੋਟੀ ਖਾਣੀ ਭਾਰੂ ਹੋ ਰਹੀ ਸੀ । ਇਸ ਇਸਤ੍ਰੀ ਦੀ ਬਰੀਕ ਆਵਾਜ਼ ਨਾਲ ਹੁਣ ਇਕ ਆਦਮੀ ਦਾ ਮੋਟਾ ਜਿਹਾ ਅਵਾਜ਼ ਵੀ ਆ ਮਿਲਿਆ ਸੀ । ਇਹ ਸੁਣ ਕੇ ਉਹਨਾਂ ਦੇ ਕੰਨ ਖੜੇ ਹੋ ਗਏ ਤੇ ਉਹ ਇਕ ਦਮ ਉਠ ਕੇ ਖਲੋ ਗਏ ।