ਪੰਨਾ:ਪ੍ਰੀਤ ਕਹਾਣੀਆਂ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ। ਉਹ ਮਹੱਲ-ਕੁੜੀਆਂ ਚੋਂ ਸਮਝੀ ਜਾਵੇਗੀ, ਜਿਸ ਨਾਲ ਬਾਦਸ਼ਾਹ ਨਾਰਾਜ਼ ਨਹੀਂ ਹੋ ਸਕੇਗਾ, ਪਰ ਇਹ ਗਲ ਨੀਲਮ ਨਾ ਮੰਨੀ।
"ਮੈਂ ਆਪਣੇ ਸਾਰੇ ਦਿਲ ਨਾਲ ਤੁਹਾਨੂੰ ਪਿਆਰ ਕਰਦੀ ਹਾਂ, ਪਰ ਮੈਂ ਤੁਹਾਡੀ ਇਜ਼ਤ ਤੇ ਧਬਾ ਨਹੀਂ ਲਗਣ ਦਿਆਂਗੀ, ਸੋ ਹੁਣ ਤੋਂ ਹੀ ਸਾਨੂੰ ਅਲਗ ਹੋ ਜਾਣਾ ਚਾਹੀਦਾ ਹੈ।" ਨੀਲਮ ਨੇ ਅਥਰੂ ਪੂੰਝਦਿਆਂ ਹੋਇਆਂ ਕਿਹਾ।
ਮੈਨੂੰ ਕਿਸੇ ਗਲ ਦੀ ਪਰਵਾਹ ਨਹੀਂ। ਮੈਂ ਜ਼ਰੂਰ ਇਥੇ ਆਇਆ ਕਰਾਂਗਾ।" ਦਾਰਾ ਨੇ ਆਖਿਆ।
ਮੇਰੇ ਮਾਲਕ! "ਮੇਰੇ ਪਿਆਰ ਦਾ ਵਾਸਤਾ ਜੇ, ਤੁਸੀ ਇਥੇ ਆਉਣਾ ਬੰਦ ਕਰ ਦਿਓ। ਬਾਦਸ਼ਾਹ ਤੇ ਦਰਿਆਵਾਂ ਦੇ ਫੇਰ ਦੇ ਕੋਈ ਯਕੀਨ ਨਹੀਂ। ਕੀ ਪਤਾ ਉਹ ਨਾਰਾਜ਼ ਹੋ ਕੇ ਤੁਹਾਡੇ ਨਾ ਕੀ ਸਲੂਕ ਕਰਨ?" ਨੀਲਮ ਨੇ ਕਲੇਜਾ ਫੜ ਕੇ ਕਿਹਾ।
ਨੀਲਮ ਨੂੰ ਪਤਾ ਲਗ ਗਿਆ, ਕਿ ਸ਼ਹਿਨਸ਼ਾਹ ਨੂੰ ਉਨ੍ਹਾਂ ਦੇ ਖਿਲਾਫ ਖਬਰਾਂ ਪੁਚਾਣ ਵਾਲੇ ਦਾ ਨਾਂ ਜਾਫਰ ਹੈ। ਅਜ ਰਾਤ ਜਾਫਰ ਉਸ ਨੂੰ ਮਿਲਣ ਆਇਆ, ਤਾਂ ਉਸਦਾ ਜੀ ਕੀਤਾ, ਕਿ ਓਹ ਉਸ ਨੂੰ ਸਾਫ ਸਾਫ ਆਖ ਦੇਵੇ, ਕਿ ਉਸ ਨਾਲ ਉਸਨੂੰ ਰਤਾ ਜਿੰਨਾ ਵੀ ਪਿਆਰ ਨਹੀਂ, ਤੇ ਉਹ ਦਿਲੋਂ ਮਨੋਂ ਦਾਰਾ ਦੇ ਇਸ਼ਕ ਵਿੱਚ ਤੁਬੀ ਹੋਈ ਹੈ, ਪਰ ਫਿਰ ਉਹ ਕੁਝ ਸੋਚ ਕੇ ਅਜਿਹਾ ਕਰਨੋਂ ਝਿਜਕ ਗਈ।
ਨੀਲਮ ਕਿਸੇ ਕੀਮਤ ਪੁਰ ਵੀ ਦਾਰਾ ਨੂੰ ਕਿਸੇ ਮੁਸੀਬਤ ਵਿਚ ਪਾਣ ਲਈ ਤਿਆਰ ਨਹੀਂ ਸੀ। ਉਸ ਸੋਚਿਆ ਕਿ ਦਾਰਾ ਸਿਰਫ ਉਸਦੀ ਬੇ-ਵਫਾਈ ਕਰ ਕੇ ਹੀ ਉਸ ਪਾਸ ਆਉਣੋ ਰੁਕ ਸਕਦਾ। ਸੋ ਇਸ ਤਜਵੀਜ਼ ਨੂੰ ਮੁਕੰਮਲ ਕਰਨ ਲਈ ਉਹ ਤਿਆਰ ਹੋ ਗਈ।

-੧੨੬-