ਪੰਨਾ:ਪ੍ਰੀਤ ਕਹਾਣੀਆਂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਕੁਖੋਂ ਇਕ ਬਾਲਕ ਨੇ ਜਨਮ ਲਿਆ। ਕੁਝ ਦਿਨਾਂ ਪਿਛੋਂ ਉਸਦੀ ਮੌਤ ਹੋ ਗਈ। ਮੈਨੂੰ ਪਤਾ ਲਗਾ ਕਿ ਮਹਾਰਾਜੇ ਦੇ ਹੁਕਮ ਨਾਲ ਮੇਰੇ ਬਚੇ ਦਾ ਖੂਨ ਕੀਤਾ ਗਿਆ ਹੈ। ਇਨ੍ਹਾਂ ਹੀ ਦਿਨਾਂ ਵਿਚ ਇੰਦੌਰ ਦਾ ਮਹਾਰਾਜਾ ਸਰ ਤੁਕੋ ਜੀ ਰਾਵ ਕਿਸੇ ਹੋਰ ਮਹਾਰਾਜੇ ਨੂੰ ਰਿਆਸਤੋਂ ਬਾਹਰ ਮਿਲਣ ਗਿਆ। ਮੈਂ ਵੀ ਉਨ੍ਹਾਂ ਨਾਲ ਗਈ। ਜਦ ਗਡੀ ਦਿਲੀ ਸਟੇਸ਼ਨ ਪੁਰ ਪੁਜੀ, ਤਾਂ ਮੈਂ ਅੰਗਰੇਜ਼ੀ ਪੁਲਸ ਨੂੰ ਅਰਜ਼ ਕੀਤੀ, ਕਿ ਰਿਆਸਤ ਮੇਰੇ ਪੁਰ ਜ਼ੁਲਮ ਕਰ ਰਹੀ ਹੈ, ਮੈਨੂੰ ਆਪਣੀ ਨਿਗਰਾਨੀ ਵਿਚ ਲੈ ਲਿਆ ਜਾਵੇ। ਪੁਲਸ ਨੇ ਮੈਨੂੰ ਆਪਣੀ ਹਿਫਾਜ਼ਤ ਵਿਚ ਮੇਰੀ ਮਾਂ ਪਾਸ ਅੰਮ੍ਰਿਤਸਰ ਘਲ ਦਿਤਾ।"

ਮਮਤਾਜ਼ ਨੇ ਅਗੇ ਚਲ ਕੇ ਕਿਹਾ-"ਮੇਰੀ ਮਾਂ ਪੈਸੇ ਦੀ ਭੁਖੀ ਸੀ, ਉਸਨੇ ਫਿਰ ਇੰਦੌਰ ਮਹਾਰ ਜੇ ਪਾਸੋਂ ਰੁਪਏ ਦੀ ਮੰਗ ਕੀਤੀ। ਉਥੇ ਰੁਪਏ ਦੀ ਕੀ ਕਮੀ ਸੀ, ਇਹੋ ਜਹੇ ਕੰਮਾਂ ਲਈ ਸਦਾ ਰਿਆਸਤ ਦੇ ਖਜ਼ਾਨੇ ਖੁਲ੍ਹੇ ਰਹਿੰਦੇ ਸਨ।

"ਕਾਫੀ ਰੁਪਿਆ ਨਾਲ ਲੈ ਕੇ ਸ਼ੰਭੂ ਅੰਮ੍ਰਿਤਸਰ ਪੁਜਾ। ਉਸਦੇ ਅੰਮ੍ਰਤਸਰ ਪੁਜਦਿਆਂ ਹੀ ਮੈਂ ਬੰਬਈ ਨਠ ਗਈ। ਬੰਬਈ ਦੇ ਹੋਟਲ ਵਿਚ ਮੇਰੀ ਮੁਲਾਕਾਤ ਅਬਦੁਲ ਕਾਦਰ ਨਾਲ ਹੋਈ। ਸਾਰੀ ਗਲ ਬਾਤ ਦਸਣ ਪੁਰ ਅਬਦੁਲ ਮੈਨੂੰ ਆਪਣੀ ਹਿਫਾਜ਼ਤ ਵਿਚ ਲੈਣ ਲਈ ਰਜ਼ਾ-ਮੰਦ ਹੋ ਗਿਆ। ਇਸ ਤਰ੍ਹਾਂ ਮੈਂ ਉਸ ਪਾਸ ਰਹਿਣ ਲਗ ਪਈ।

"ਅਬਦੁਲ ਮੈਨੂੰ ਇੰਦੌਰ ਮਹਾਰਾਜੇ ਤੋਂ ਜ਼ਿਆਦਾ ਪਿਆਰ ਤੇ ਆਰਾਮ ਨਾਲ ਰਖਦਾ ਸੀ। ਉਹ ਬੜੇ ਜਿਗਰੇ ਵਾਲਾ ਬਹਾਦਰ ਮਨੁੱਖ ਸੀ। ਉਸ ਨੂੰ ਕਈ ਵਾਰ ਮੌਤ ਦੀ ਧਮਕੀ ਦਿਤੀ ਗਈ, ਪਰ ਉਸ ਨੇ ਮੈਨੂੰ ਛਡਣਾ ਪਰਵਾਨ ਨਾ ਕੀਤਾ, ਸਗੋਂ ਇਹ ਪ੍ਰੇਮ ਤਣੀਆਂ ਦਿਨ ਬਦਿਨ ਪੱਕੀਆਂ ਹੁੰਦੀਆਂ ਗਈਆਂ। ਇਸ ਤਰ੍ਹਾਂ ਸਾਡੇ ਦਿਨ ਬੜੇ ਅਨੰਦ ਨਾਲ ਗੁਜ਼ਰ ਰਹੇ ਸਨ।

-੨੬-