ਪੰਨਾ:ਪ੍ਰੀਤ ਕਹਾਣੀਆਂ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਦਰ ਰਾਹੀਂ ਨਵਾਬ ਨੂੰ ਸੁਨੇਹਾ ਘਲਿਆ, ਕਿ ਉਹ ਉਸ ਪਾਸ ਆਉਣ ਲਈ ਤਿਆਰ ਹੈ।
ਨਵਾਬ ਮੀਰ ਨਿਵਾਜ਼ ਖਾਨ ਇਹ ਸੁਨੇਹਾ ਸੁਣਦਿਆਂ ਸਾਰ ਬੰਬਈ ਉਠ ਦੌੜਿਆ, ਤੇ ਬਾਲੀ ਨੂੰ ਆਪਣੇ ਨਾਲ ਖੈਰ ਪੁਰੇ ਵਾਪਸ ਲੈ ਗਿਆ।
ਖੈਰ ਪੁਰ ਜਾ ਕੇ ਨਵਾਬ ਦੇ ਸਨੇਹੀਆਂ ਤੇ ਬਰਾਦਰੀ ਨੇ ਸਲਾਹ ਦਿਤੀ ਕਿ ਨਵਾਬ ਨੇ ਬਾਲੀ ਨਾਲ ਖੁਲਮਖੁਲਾ ਵਿਆਹ ਕਰ ਲੈਣਾ ਚਾਹੀਦਾ ਹੈ, ਤਾਂ ਜੋ ਚੋਰੀ ਛਿਪੀ ਦੇ ਨਿਤ ਵਾਲੇ ਪੁਆੜੇੇ ਮੁਕ ਜਾਣ। ਗਲ ਕੀ ਖੈਰ ਪੁਰ ਵਿਚ ਇਹ ਸ਼ਾਦੀ ਬੜੀ ਧੁਮ ਧਾਮ ਨਾਲ ਕੀਤੀ ਗਈ, ਤੇ ਇਸ ਸਮੇਂ ਨਵਾਬ ਦੀ ਬਰਾਦਰੀ, ਬਲੋਚ ਸਰਦਾਰ ਤੇ ਕਈ ਵਡੇ ਅੰਗਰੇਜ਼ ਅਫਸਰ ਵੀ ਸ਼ਾਮਲ ਹੋਏ। ਸ਼ਾਦੀ ਤੇ ਕਈ ਲਖ ਰੁਪਿਆ ਖਰਚ ਕੀਤਾ ਗਿਆ।
ਜਦ ਬਾਲੀ ਮਾਤਮ ਪੁਰਸੀ ਲਈ ਲਾਹੌਰ ਆਈ ਸੀ, ਤਾਂ। ਉਸ ਦੇ ਰਿਸ਼ਤੇਦਾਰਾਂ ਨੇ ਲਖਾਂ ਰੁਪਿਆਂ ਦਾ ਜ਼ੇਵਰ ਉਸ ਤੋਂ ਇਹ ਕਹਿ ਕੇ ਲੈ ਲਿਆ ਸੀ, ਕਿ ਨਵਾਬ ਦੀ ਮੌਤ ਮਗਰੋਂ ਉਸ ਤੋਂ ਸਾਰੇ ਜ਼ੇਵਰ ਖੋਹ ਲਏ ਜਾਣਗੇ, ਇਸ ਲਈ ਚੰਗਾ ਹੈ ਕਿ ਇਨ੍ਹਾਂ ਨੂੰ ਲਾਹੌਰ ਹੀ ਕਿਧਰੇ ਸਾਂਭ ਰਖਿਆ ਜਾਵੇ। ਇਹ ਸਾਰਾ ਗਹਿਣੇ ਸਤ ਅਠ ਲਖ ਰੁਪਏ ਦਾ ਸੀ। ਉਹ ਸਾਰੇ ਦਾ ਸਾਰਾ ਬਾਲੀ ਤੋਂ ਲੈ ਕੇ ਸ਼ਹੂਕਾਰਾਂ ਪਾਸ ਗਿਰਵੀ ਰਖ ਦਿਤਾ ਗਿਆ ਤੋਂ ਰੁਪਿਆ ਲੈ ਕੇ ਇਨ੍ਹਾਂ ਲੋਕਾਂ ਰਜ ਕੇ ਐਸ਼ ਕੀਤੀ ਤੇ ਕਿੰਨਾ ਚਿਰ ਸਰਾਬ ਦੇ ਦੌਰ ਚਲਦੇ ਰਹੇ। ਇਨ੍ਹਾਂ ਦਿਨਾਂਂ ਵਿਚ ਬਾਲੀ ਵਾਪਸ ਰਿਆਸਤ ਵਿਚ ਆ ਗਈ ਸੀ। ਰਿਆਸਤ ਦੀ ਬਿਨੇ ਪੁਰ ਇਕ ਵਾਰ ਮਿ: ਔਟੋ ਆਈ ਸੀ ਐਸ. ਨੇ ਬਾਲੀ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਰਾ ਗੇਹਨਾ ਵਾਪਸ ਕਰ ਦੇਣ ਲਈ ਕਿਹਾ, ਤੇ ਨਾਲ ਹੀ ਡਰਾਵਾ ਦਿਤਾ, ਕਿ ਜੇ

-੯੦-