ਪੰਨਾ:ਪੰਜਾਬ ਦੇ ਹੀਰੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਹਰ ਹਰ ਬੈਂਤ ਉਨ੍ਹਾਂ ਦਾ ਮਿੱਠਾ ਜਿਉਂ ਮਿਸਰੀ ਦੀ ਖੱਟੀ।

ਮੀਆਂ ਅਹਿਮਦਯਾਰ ਆਪਣੀ ਕਿਤਾਬ ਯੂਸਫ਼ ਜ਼ੁਲੈਖਾਂ ਵਿਚ ਇੰਜ ਲਿਖਦੇ ਹਨ:-ਇਕ ਹਾਫਜ਼ ਬਰਖੁਰਦਾਰ ਪਿੰਡ ਚਿੱਟੀ ਸ਼ੇਖਾਂ ਸਿਆਲ ਕੋਟ ਦੇ ਲਾਗੇ ਦਾ ਸੀ। ਦੂਜਾ ਹਾਫਜ਼ ਬਰਖੁਰਦਾਰ ਪਿੰਡ ਮੁਸਲਮਾਨੀ ਲਾਹੌਰ ਦੇ ਨੇੜੇ ਦਾ ਸੀ, ਪਰ ਸਾਨੂੰ ਦੁਜੇ ਹਾਫ਼ਜ਼ ਬਰਖੁਰਦਾਰ ਦੇ ਕਲਾਮ ਨਹੀਂ ਲਭੇ ਇਸ ਲਈ ਅਸੀਂ ਇਕ ਦਾ ਹੀ ਜ਼ਿਕਰ ਕੀਤਾ ਹੈ।

ਸੱਯਦ ਅਲੀ ਹੈਦਰ

ਆਪ ਦਾ ਜਨਮ ੧੧੦੧ ਮੁਤਾਬਕ ੧੬੯੦ ਈਸਵੀ ਵਿੱਚ ਚੌਂਤਰਾ ਜ਼ਿਲਾ ਮੁਲਤਾਨ ਵਿੱਚ ਹੋਇਆ।ਆਪ ਗੀਲਾਨੀ ਸਯਦ ਸਨ ਅਤੇ ਔਰੰਗਜ਼ੇਬ ਆਲਮਗੀਰ ਅਤੇ ਮੁਹੰਮਦ ਸ਼ਾਹ ਦੇ ਅਹਿਦ ਵਿੱਚ ਹੋਏ। ਆਪ ਬੜੇ ਆਲਮ ਅਤੇ ਸੂਫ਼ੀ ਬਜ਼ੁਰਗ ਸਨ। ਅਫਸੋਸ ਹੈ ਕਿ ਪਿਛਲੇ ਸਮੇਂ ਦੇ ਲਗ ਪਗ ਹਰ ਇਕ ਸ਼ਾਇਰ ਦੇ ਜੀਵਨ ਨਾਲ ਘਾਉਲ ਅਤੇ ਲਾਪਰਵਾਹੀ ਵਰਤੀ ਗਈ ਹੈ। ਇਹ ਹੀ ਸਲੂਕ ਆਪ ਨਾਲ ਭੀ ਕੀਤਾ ਗਿਆ ਹੈ।

ਆਪ ਦੀ ਸ਼ਾਇਰੀ ਚੋਟੀ ਦੇ ਕਵੀਆਂ ਦੀ ਸ਼ਾਇਰੀ ਨਾਲੋਂ ਜ਼ਿਆਦਾ ਕਾਮਯਾਬ, ਬਾ ਅਸੂਲ ਅਤੇ ਤੋਲ ਬਹਿਰ ਦੇ ਲਿਹਾਜ਼ ਅਨੁਸਾਰ ਦਰੁਸਤ ਹੈ।ਆਪ ਦੇ ਸ਼ੇਅਰ ਵਿੱਚ ਜਲਨ ਅਤੇ ਤੜਪ ਮੌਜੂਦ ਹੈ। ਆਪ ਦੀ ਸ਼ਾਇਰੀ ਇਸ਼ਕ ਮਜ਼ਾਜੀ ਦੀ ਮੰਜ਼ਲ ਤੋਂ ਲੰਘ ਕੇ ਇਸ਼ਕ ਹਕੀਕੀ ਵਿੱਚ ਰੰਗੀ ਹੋਈ ਹੈ। ਇਸ ਦੇ ਮੁਤਾਲਿਆ ਨਾਲ ਰੂਹਾਨੀ ਜ਼ਿੰਦਗੀ ਵਿੱਚ ਤਾਜ਼ਗੀ ਆ ਜਾਂਦੀ ਹੈ । ਇਹ ਹੀ ਕਾਰਨ ਹੈ ਕਿ ਸੂਫ਼ੀ ਤਬੀਅਤ ਲੋਕਾਂ ਵਿੱਚ ਆਪ ਦਾ ਕਲਾਮ ਬੇਹੱਦ ਪਸੰਦ ਤੇ ਉੱਚਾ ਗਿਣਿਆ ਗਿਆ ਹੈ। ਬਹੁਤ ਕਰਕੇ ਕਵਾਲ ਅਤੇ ਫ਼ਕੀਰ ਆਪ ਦੀਆਂ ਕਾਫੀਆਂ ਗਾਉਂਦੇ ਹਨ । ਆਪ ਦਾ ਇਕ ਸ਼ੇਅਰ ਪੜਿਆਂ, ਹੋਰ ਪੜਨ ਨੂੰ ਖਾਹਮਖਾਹ ਦਿਲ ਕਰਦਾ ਹੈ।ਕਦਰਦਾਨ ਆਪ ਦੇ ਕਲਾਮ ਨੂੰ ਜਵਾਹਰਾਤ ਨਾਲੋਂ ਭੀ ਕੀਮਤੀ ਖਿਆਲ ਕਰਦੇ ਹਨ।

ਆਪ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਸੀਹਰਫੀਆਂ, ਹੀਰ, ਬਾਰਾਂ ਮਾਂਹ ਅਤੇ ਕੁਝ ਕਾਫ਼ੀਆਂ ਉਘੀਆਂ ਚੀਜਾਂ ਹਨ।

ਆਪ ਦੀ ਉਲਾਦ ਵਿਚੋਂ ਇਸ ਵੇਲੇ ਹਜ਼ਰਤ ਗੁਲਾਮ ਮੀਰਾਂ ਮੌਜੂਦ ਹਨ। ਕਈਆਂ ਨੇ ਸਯਦ ਸਾਹਿਬ ਦਾ ਰਿਹਾਇਸ਼ੀ ਥਾਂ ਚਕ ਕਾਜ਼ੀਆਂ (ਮੁਲਤਾਨ) ਲਿਖਿਆ ਹੈ, ਪਰ ੧੮੮੫ ਈ: ਦੇ ਛਪੇ ਹੋਏ ਕਲਾਮ ਤੋਂ ਚਕ ਚੌਂਤਰਾ ਪਤਾ ਲਗਦਾ ਹੈ।

ਆਪ ੮੭-੮੮ ਸਾਲ ਦੀ ਉਮਰ ਭੋਗ ਕੇ ੧੧੯੧ ਹਿ: ਜਾਂ ੧੭੭੭ ਈ: ਵਿੱਚ ਕੂਚ ਕਰ ਗਏ। ਵੇਖੋ ਵਨਗੀ-

ਅਲਫ਼ ਏਥੇ ਓਥੇ ਅਸਾਂ ਆਸ ਤੈਂਡੜੀ, ਅਤੇ ਆਸਰਾ ਤੈਂਡੜੇ ਜ਼ੋਰ ਦਾ ਈ।
ਮਹੀਂ ਸਭ ਹਵਾਲੜੇ ਤੈਂਡੜੇ ਨੀਂ , ਅਸਾਂ ਖੋਫ ਨ ਖੰਭੜੇ ਚੋਰ ਦਾ ਈ।