ਪੰਨਾ:ਪੰਜਾਬ ਦੇ ਹੀਰੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ਾਇਰੀ ਦੀ ਜ਼ੀਨਤ ਇਹ ਗੀਤ ਬਿਅੰਤ ਧਾਰਨਾਂ ਵਿਚ ਬਣੇ ਹੋਏ ਤੇ ਛਪੇ ਹੋਏ ਮਿਲਦੇ ਹਨ।


ਬੁਝਾਰਤਾਂ

ਇਨ੍ਹਾਂ ਦਾ ਸਿਲਸਿਲਾ ਬੇਓੜਕਾ ਹੈ। ਰਾਤ ਨੂੰ ਬਚੇ ਕੱਠੇ ਹੋ ਕੇ ਨੀਂਦ ਦੀ ਉਡੀਕ ਇਨ੍ਹਾਂ ਬੁਝਾਰਤਾਂ ਨਾਲ ਹੀ ਕਰਦੇ ਹਨ। ਇਕ ਬੁਝਾਰਤ ਪਾਉਂਦਾ ਹੈ, ਦੂਜਾ ਦਸ ਨਹੀਂ ਸਕਦਾ। ਕਹਿੰਦਾ ਹੈ, ਇਹ ਹਾਰ ਮੈਨੂੰ ਆਈ, ਤੂੰ ਦਸ ਦੇ। ਉਹ ਦਸਦਾ ਹੈ। ਇਹ ਹੋਰ ਇਕ ਔਖੀ ਜਹੀ ਬਝਾਰਤ ਪਾਕੇ ਆਪਣੀ ਹਾਰ ਦਾ ਬਦਲਾ ਚੁਕਾ ਲੈਂਦਾ ਹੈ। ਇਹੋ ਜਿਹੇ ਚੁਹਲ ਸ਼ਾਇਰ ਭੀ ਕਰ ਲੈਂਦੇ ਹਨ। ਇਕ ਵਾਰ ਦਾ ਵਾਕਿਆ ਹੈ ਕਿ ਪਿਆਰੇ ਸਾਹਬ ਲਾਹੌਰੀ ਸ਼ਾਦੀ ਸਾਹਬ ਨਾਲ ਸਵਾਲਾਂ ਜਵਾਬਾਂ ਵਿਚ ਭਿੜ ਰਹੇ ਸਨ ਤਾਂ ਇਹ ਬੁਝਾਰਤ ਹੀ ਪਾ ਦਿਤੀ:

ਅਲਫ਼ ਅਸਾਂ ਦਿਤਾ ਤੇਰੇ ਹਥ ਪੈਸਾ, ਇਹਦੀਆਂ ਲਿਆ ਦੇ ਚੀਜ਼ਾਂ ਨੂੰ ਚਾਰ ਮੀਆਂ।
ਕਾਨ ਫੁਲ ਤੇ ਕਕੜੀ, ਪਾਨ ਬੀੜਾ, ਨਾਲੇ ਲਿਆਵੀਂ ਖਾਂ ਫੁੱਲਾਂ ਦੇ ਹਾਰ ਮੀਆਂ।
ਪੈਸਾ ਮੋੜ ਲਿਆਵੀਂ ਨਾਲੇ ਦੁਧ ਲਿਆਵੀਂ, ਅਤੇ ਕਰੀਂ ਨਾ ਮੁਲ ਉਧਾਰ ਮੀਆਂ।
ਪਿਆਰੇ ਯਾਰ ਨੂੰ ਦੋਵੀਂ ਜਵਾਬ ਇਸਦਾ, ਨਹੀਂ ਤਾਂ ਨਿਕਲ ਜਾਈਂ ਪਿੜੋਂ ਬਾਹਰ ਮੀਆਂ।

ਪਿਆਰੇ ਸਾਹਬ ਤਾਂ ਇਹ ਸਵਾਲ ਘਰੋਂ ਸੋਚ ਕੇ ਹੀ ਆਏ ਹੋਣਗੇ ਪਰ ਸ਼ਾਦੀ ਨੂੰ ਇਹ ਸੁਪਨਾ ਭੀ ਨਹੀਂ ਸੀ। ਜੇ ਜਵਾਬ ਨ ਦਏ ਤਾਂ ਭਰੇ ਅਖਾੜੇ ਵਿਚ ਸ਼ਰਮਸਾਰੀ ਹੋਵੇ। ਸ਼ਾਦੀ ਨੇ ਉਸੇ ਵੇਲੇ ਇਕ ਤਿਆਰ ਬਰ ਤਿਆਰ ਜਵਾਬ ਦੇਕੇ ਗੱਲ ਜਿਤ ਲਈ।

ਦਾਲ ਦੁਸ਼ਮਨਾਂ ਨੇ ਦਿਤਾ ਹਥ ਪੈਸਾ, ਜਾ ਕੇ ਲਭ ਲੀਤੀ ਚੀਜ਼ ਵਖਰੀ ਮੈਂ।
ਇਕ ਅਜਬ ਅਜਾਇਬ ਥੀਂ ਅਕ ਡਿੱਠਾ, ਉਹਦੀ ਤੋੜ ਤੀ ਸੁੱਕੀ ਲਕੜੀ ਮੈਂ।
ਪਹਿਲੇ ਫੁੱਲ ਤੋੜੇ ਫੇਰ ਦੁਧ ਚੋਇਆ, ਨਾਲੇ ਤੋੜ ਲੀਤੀ ਉਸਦੀ ਕਕੜੀ ਮੈਂ।
ਸ਼ਾਦੀ ਯਾਰ ਤੈਨੂੰ ਜਵਾਬ ਦਿਤਾ, ਗਲ ਖੋਲ੍ਹ ਦਿਤੀ ਵਖੋ ਵਖਰੀ ਮੈਂ।

ਅਖਾੜਿਆਂ ਵਿਚ ਇਸ ਤਰ੍ਹਾਂ ਦੇ ਫਿਲਬਦੀਆ ਜਵਾਬ ਆਮ ਦਿਤੇ ਜਾਂਦੇ ਸਨ।
ਇਕ ਵਾਰ ਗਾਮੂ ਖਾਂ ਨੇ ਸਵਾਲ ਕੀਤਾ-
ਕਿਹੜਾ ਹੈ ਬੂਟਾ ਐਸਾ ਚਮਨ ਅੰਦਰ,
ਲਗੀ ਵਾ ਤੇ ਫੇਰ ਉਹ ਡੋਲਿਆਂ ਨਹੀਂ?

ਬਾਬਾ ਤਾਜ ਨੇ ਜਵਾਬ ਦਿੱਤਾ-
ਹੋ ਹਲਦੀ ਦੀ ਕਿਆਰੀ ਵਿਚ ਹੈ ਮਹੁਰਾ,
ਵਗੇ ਲਖ ਝਖੜ ਬੂਟਾ ਡੋਲਦਾ ਨਹੀਂ।

ਇਸੇ ਤਰ੍ਹਾਂ ਟੀ. ਸੀ. ਗੁਜਰਾਤੀ ਨੇ ਇਕ ਬੁਝਾਰਤ ਬੈਂਤਾਂ ਵਿਚ ਲਿਖੀ ਹੈ:

-੪੩-