ਪੰਨਾ:ਪੰਜਾਬ ਦੇ ਹੀਰੇ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨


ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ
ਹਿੰਦੂ ਸਾਲਾਹੀ ਸਾਲਾਹਨਿ ਦਰਸਨ ਰੂਪਿ ਅਪਾਰੁ
ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ
ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ
ਇਕਿ ਹੋਦਾ ਖਾਇ ਚਲੇ ਐਥਾਉ ਤਿਨਾ ਭਿ ਕਾਈ ਕਾਰ
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ
ਸਦਾ ਅਨੰਦ ਰਹਹਿ ਦਿਨੁ ਰਾਤੀ ਗੁਣਵੰਤਿਆ ਪਾਛਾਰੁ

ਗੁਰੂ ਅੰਗਦ ਸਾਹਿਬ

ਆਪ ਦਾ ਪਹਿਲਾ ਨਾਂ ਲਹਿਣਾ ਸੀ

ਪਿਤਾ ਜੀ ਦਾ ਨਾਂ ਫੇਰੂ ਮਲ ਖਤਰੀ। ਵਸਨੀਕ ਮਤੇ ਕੀ ਸਰਾਇ ਤਸੀਲ ਮੁਕਤਸਰ ਜ਼ਿਲਾ ਫੀਰੋਜ਼ਪੁਰ। ਆਪ ਦਾ ਜਨਮ ੧੫੬੧ ਬਿ: ਮੁਤਾਬਕ ੧੫੦੪ ਈ: ਵਿੱਚ ਸਕੰਦਰ ਲੋਧੀ ਦੇ ਸਮੇਂ ਹੋਇਆ। ੧੬ ਸਾਲ ਦੀ ਉਮਰ ਵਿੱਚ ਆਪ ਦੀ ਸ਼ਾਦੀ ਬੀਬੀ ਖੀਵੀ ਜੀ ਨਾਲ ਹੋਈ ਅਤੇ ਆਪ ਦੇ ਘਰ ਦੋ ਸਪੁਤ੍ਰ ਅਤੇ ਦੋ ਪੁਤ੍ਰੀਆਂ ਹੋਈਆਂ।

ਆਪ ਦੇਵੀ ਦੇ ਉਪਾਸ਼ਕ ਸਨ ਅਤੇ ਹਰ ਸਾਲ ਦੇਵੀ ਦੀ ਯਾਤਰਾ ਲਈ ਸਣੇ ਸਾਥੀਆਂ ਜਾਇਆ ਕਰਦੇ ਸਨ। ਇਕ ਵਾਰੀ ਆਪ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਰਾਹ ਵਿੱਚ ਠਹਿਰ ਗਏ। ਰਾਤ ਨੂੰ ਸੁਫ਼ਨੇ ਵਿੱਚ ਆਪ ਨੇ ਵੇਖਿਆ ਕਿ ਉਹੀ ਦੇਵੀ ਸਤਿ ਗੁਰੁ ਨਾਨਕ ਦੇਵ ਜੀ ਦੇ ਪਵਿਤਰ ਚਰਨਾਂ ਵਿੱਚ ਝਾੜੂ ਦੇ ਰਹੀ ਹੈ। ਦੇਵੀ ਨੂੰ ਸਤਿਗੁਰੂ ਜੀ ਦੇ ਚਰਨਾਂ ਤੋਂ ਢਠੀ ਵੇਖ ਕੇ ਆਪ ਭੀ ਉਨਾਂ ਦੇ ਸ਼ਰਧਾਲੂ ਹੋ ਗਏ ਅਤੇ ਸਭ ਕੁਝ ਛਡ ਕੇ ਉਨਾਂ ਦੇ ਸੇਵਕ ਬਣ ਗਏ।

ਇਕ ਵਾਰੀ ਆਪ ਚਿਕੜ ਭਰਿਆ ਘੀ ਚਕ ਕੇ ਲਿਆ ਰਹੇ ਸਨ ਕਿ ਮਾਤਾ ਸੁਲੱਖਣੀ ਜੀ ਨੇ ਤਰਸ ਵਿਚ ਆ ਕੇ ਗੁਰੂ ਨਾਨਕ ਜੀ ਨੂੰ ਆਖਿਆ ਕਿ ਤੁਸੀਂ ਇਨ੍ਹਾਂ ਪਾਸੋਂ ਏਨੀ ਸੇਵਾ ਨ ਲਿਆ ਕਰੋ, ਚਿਕੜ ਨਾਲ ਇਨ੍ਹਾਂ ਦੇ ਕਪੜੇ ਵੀ ਭਰ ਗਏ ਹਨ ਤਾਂ ਗੁਰੂ ਜੀ ਨੇ ਹੱਸ ਕੇ ਫਰਮਾਇਆ-ਭੋਲੀਏ ਇਹ ਚਿਕੜ ਨਹੀਂ, ਕੇਸਰ ਹੈ।