ਪੰਨਾ:ਪੰਜਾਬ ਦੇ ਹੀਰੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫

ਆਪ ਦੇ ਦਰਸ਼ਨਾਂ ਲਈ ਆਉਣ ਲਗੀਆਂ। ਆਪ ਭੀ ਲਾਹੌਰ ਵਾਲੀਆਂ ਸੰਗਤਾਂ ਨਾਲ ਗੋਇੰਦਵਾਲ ਪੁਜੇ ਅਤੇ ਬਾਉਲੀ ਦੀ ਕਾਰ ਸੇਵਾ ਵਿੱਚ ਜੁਟ ਪਏ।

ਇਕ ਵਾਰੀ ਗੁਰੂ ਅਮਰ ਦਾਸ ਜੀ ਆਪਣੀ ਸਪੁਤ੍ਰੀ ਲਈ ਵਰ ਦੀ ਢੂੰਡ ਕਾਰਨ ਬਾਹਮਣ ਨੂੰ ਘਲ ਰਹੇ ਸਨ ਜੋ ਆਪ ਘੁੰਗਣੀਆਂ ਵੇਚਦੇ ਗਲੀ ਵਿੱਚ ਆ ਗਏ। ਬਾਹਮਣ ਨੇ ਗੁਰੂ ਜੀ ਤੋਂ ਪੁਛਿਆ ਕਿ ਕੇਡੇ ਵਰ ਦੀ ਲੋੜ ਹੈ ਤਾਂ ਉਨ੍ਹਾਂ ਦੀ ਪਤਨੀ ਨੇ ਆਪ ਵਲ ਇਸ਼ਾਰਾ ਕਰਦੇ ਹੋਏ ਆਖਿਆ ਕਿ ਏਡੀ ਉਮਰ ਤੇ ਏਡੇ ਹੀ ਕਦ ਦੀ ਲੋੜ ਹੈ।

ਗੁਰੂ ਜੀ ਨੇ ਆਖਿਆ, ਵਾਹਿਗੁਰੂ ਨੇ ਵਰ ਘਰ ਹੀ ਘਲ ਦਿਤਾ ਹੈ ਅਤੇ ਇਸ ਦੀ ਪ੍ਰਵਾਨਗੀ ਹੋ ਗਈ ਹੈ। ਇਸ ਤੋਂ ਚੰਗ ਵਰ ਹੋਰ ਨਹੀਂ ਲਭ ਸਕਦਾ। ਸੋ ਆਪ ਨੇ ਕਾਕਾ ਜੀ ਨੂੰ ਬੁਲਾ ਕੇ ਸ਼ਗਨ ਝੋਲੀ ਪਾਇਆ ਅਤੇ ਕੁਝ ਸਮੇਂ ਪਿਛੋਂ ਵਿਆਹ ਹੋ ਗਿਆ।

ਇਕ ਵਾਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਸੇਵਕਾਂ ਨੂੰ ਚਬੂਤਰੇ ਬਨਾਣ ਲਈ ਆਖਿਆ। ਸੇਵਕਾਂ ਨੇ ਕਈ ਵਾਰੀ ਬਣਾਏ, ਪਰ ਗੁਰੂ ਜੀ ਨੇ ਹਰ ਵਾਰੀ ਢਵਾ ਦਿਤੇ। ਅੰਤ ਸਭ ਨਿਰਾਸ ਹੋ ਕੇ ਬੈਠ ਗਏ, ਪਰ ਗੁਰੂ ਰਾਮਦਾਸ ਜੀ ਬਰਾਬਰ ਕੰਮ ਕਰਦੇ ਰਹੇ। ਸਿਟਾ ਇਹ ਹੋਇਆ ਕਿ ਆਪ ਪ੍ਰੀਖਿਆ ਵਿੱਚ ਪਾਸ ਹੋਏ ਅਤੇ ਗੁਰੂ ਜੀ ਨੇ ਪ੍ਰਸੰਨਤਾ ਨਾਲ ਆਪ ਨੂੰ ਗੱਦੀ ਦਾ ਵਾਰਸ ਬਣਾਇਆ।

ਕਿਹਾ ਜਾਂਦਾ ਹੈ ਕਿ ਇਕ ਵਾਰੀ ਬੀਬੀ ਭਾਨੀ ਜੀ ਗੁਰੂ ਅਮਰ ਦਾਸ ਜੀ ਨੂੰ ਇਸ਼ਨਾਨ ਕਰਵਾ ਰਹੇ ਸਨ ਕਿ ਚੌਕੀ ਦਾ ਪਾਵਾ ਟੁਟ ਗਿਆ ਅਤੇ ਬੀਬੀ ਨੇ ਆਪਣਾ ਪੈਰ ਹੇਠਾਂ ਰੱਖ ਦਿਤਾ। ਗੁਰੂ ਜੀ ਨੇ ਇਸ਼ਨਾਨ ਕਰ ਕੇ ਜਦ ਬੀਬੀ ਜੀ ਦਾ ਪੈਰ ਜ਼ਖ਼ਮੀ ਵੇਖਿਆ ਤਾਂ ਖ਼ੁਸ਼ ਹੋ ਕੇ ਆਖਿਆ, ਬੀਬੀ! ਕੁਝ ਮੰਗ ਲੈ। ਬੀਬੀ ਨੇ ਵਰ ਮੰਗਿਆ ਕਿ ਪਿਤਾ ਜੀ! ਜੇ ਆਪ ਤੁਲੇ ਹੋ ਤਾਂ ਵਰ ਦਿਓ ਕਿ ਗੁਰਿਆਈ ਘਰ ਦੀ ਘਰ ਵਿਚ ਹੀ ਰਹੇ।

{{gap}ਗੁਰੁ ਰਾਮਦਾਸ ਜੀ ੧੬੩੧ ਬਿ: ਵਿਚ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਿਛੋਂ ਸਿਖਾਂ ਦੇ ਚੌਥੇ ਗੁਰੂ ਅਖਵਾਏ।

੧੬੩੪ ਬਿ: ਵਿਚ ਆਪ ਨੇ ਸ਼ਹਿਰ ਅੰਮ੍ਰਿਤਸਰ ਦੀ ਨੀਂਹ ਰਖੀ ਤੇ ਵਿਚਕਾਰ ਇਕ ਸਰੋਵਰ ਨਿਕਲਵਾਇਆ ਅਤੇ ਇਹ ਜ਼ਮੀਨ ਸੁਲਤਾਨ ਵਿੰਡ ਤੋਂ ਬਾਕਾਇਦਾ ਹਾਸਲ ਕਰ ਲਈ। ਮੁਢ ਵਿਚ ਇਸ ਸ਼ਹਿਰ ਦਾ ਨਾਂ ਆਪ ਦੇ ਪਵਿਤਰ ਨਾਂ ਉਤੇ ਗੁਰੂ ਰਾਮਦਾਸ ਪੁਰਾ ਰਖਿਆਂ ਪਰ ਪਿਛੋਂ ਅੰਮ੍ਰਿਤਸਰ ਦੇ ਨਾਂ ਤੇ ਉਘਾ ਹੋ ਗਿਆ।

ਆਪ ਦੇ ਤਿੰਨ ਸਪੁਤ੍ਰ ਹੋਏ। ਸਭ ਤੋਂ ਛੋਟੇ ਦਾ ਨਾਂ ਗੁਰੂ ਅਰਜਨ ਦੇਵ ਸੀ, ਜੋ ਆਪ ਤੋਂ ਪਿਛੋਂ ਗੁਰ-ਗੱਦੀ ਦੇ ਵਾਰਸ ਹੋਏ।

ਆਪ ੪੯ ਸਾਲ ਦਸ ਮਹੀਨੇ ਅਤੇ ੧੪ ਦਿਨ ਦੀ ਉਮਰ ਭੋਗ ਕੇ ਗੋਇੰਦਵਾਲ ਵਿਚ ੧੬੩੮ ਬਿ: ਵਿਚ ਜੋਤੀ ਜੋਤ ਸਮਾ ਗਏ। ਆਪ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:-

ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ
ਸੋ ਭਰੈ ਜਿਨਿ ਪਾਪ ਕਮਾਤੇ ਰਾਮ