ਪੰਨਾ:ਫ਼ਿਲਮ ਕਲਾ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹਦੇ ਲਈ ਲੋੜੀਦੀਆਂ ਚੀਜ਼ਾਂ ਖਰੀਦੀਆਂ ਤੇ ਵਾਪਸ ਆ ਗਏ। ਹਵਾਈ ਜਹਾ ਅੱਧੀ ਰਾਤ ਨੂੰ ਬੰਬਈ ਤੋਂ ਚਲਣਾ ਸੀ, ਸੀਟ ਮਿਲ ਗਈ ਤੇ ਉਹ ਮੈਨੂੰ ਦੋ ਹਜ਼ਾਰ ਰੁਪੈ ਦੇ ਨੋਟ ਦੇਕੇ ਅਤੇ ਇਕ ਹਫਤੇ ਦੇ ਅੰਦਰ ਅੰਦਰ ਆਉਣ ਦਾ ਇਕਰਾਰ ਕਰ ਕੇ ਜਹਾਜ਼ ਚੜ ਗਿਆ।

੨੩

ਕਿਸ਼ੋਰ ਨੂੰ ਗਏ ਅਠ ਦਿਨ ਹੋ ਗਏ। ਮੇਰੇ ਤੇ ਇਸ ਸਮੇਂ ਬੜੀ ਗਹਿਰੀ ਉਦਾਸੀ ਛਾਈ ਹੋਈ ਸੀ। ਸਾਰਾ ਦਿਨ ਤੇ ਰਾਤ ਬੰਗਲੇ ਦੇ ਬੈਡ ਰੂਮ ਵਿਚ ਪਈ ਰਹਿੰਦੀ। ਕੁੰਤੀ ਮੇਰਾ ਬੜਾ ਖਿਆਲ ਰਖਦੀ ਤੇ ਵੇਲੇ ਸਿਰ ਚਾਹ ਤੇ ਵੇਲੇ ਸਿਰ ਰੋਟੀ ਦਿੰਦੀ, ਉਹ ਇਸ ਗਲ ਦਾ ਭੀ ਖਿਆਲ ਰਖਦੀ ਕਿ ਵਿਸਕੀ ਦੀਆਂ ਘਟੋ ਘਟ ਦੋ ਬੋਤਲਾਂ ਜਰੂਰ ਮੇਰੇ ਲਈ ਜਮਾਂ ਰਹਿਣ, ਕਿਉਂਕਿ ਹੁਣ ਮੇਰਾ ਇਕ ਇਕ ਸਹਾਰਾ ਇਹੋ ਹੀ ਰਹਿ ਗਿਆ ਸੀ। ਇਕ ਦੋ ਵਾਰ ਹੋਮੀ ਅਤੇ ਇਕ ਦੋ ਵਾਰ ਕੱਟੂ ਨੇ ਕਾਰ ਭੇਜ ਕੇ ਮੈਨੂੰ ਸਦਿਆ ਪਰ ਮੈਂ ਜਾਣਾ ਠੀਕ ਨਹੀਂ ਸਮਝਿਆ ਸੱਚੀ ਗੱਲ ਇਹ ਸੀ ਕਿ ਹੁਣ ਮੈਂ ਦਿਲੋਂ ਕਿਸ਼ੋਰ ਦੀ ਹੋ ਚੁਕੀ ਸੀ ਅਤੇ ਮੇਰੀ ਤੇ ਮੇਰੇ ਨਾਲ ਉਹਦੀ ਇਜ਼ਤ ਤੇ ਭੀ ਫਰਕ ਆਉਂਦਾ ਹੋਵੇ।

ਬੀਬੀ ਜੀ ਕੁੰਤੀ ਨੇ ਚਾਹ ਦੀ ਟਰੇ ਮੇਰੇ ਅਗੇ ਰਖਦੇ ਹੋਏ ਮੈਨੂੰ ਸੰਬੋਧਨ ਕੀਤਾ।

'ਕੀ ਗਲ ਏ ਕੁੰਤੀ ?' ਮੈਂ ਉਹਦੀ ਵਲ ਵੇਖਦੇ ਹੋਏ ਪੁਛਿਆ

'ਮਾਲਕ ਮਕਾਨ ਦਾ ਸੁਨੇਹਾ ਆਇਆ ਹੈ ਉਸ ਨੇ ਇਕ ਹਫਤੇ ਦੇ ਅੰਦਰ ਅੰਦਰ ਮਕਾਨ ਖਾਲੀ ਕਰਨ ਲਈ ਕਿਹਾ ਹੈ। ਕੁੰਤੀ ਨੇ ਕਿਹਾ।

'ਤੂੰ ਪਾਗਲ ਤਾਂ ਨਹੀਂ ਹੋ ਗਈ ਕੁੰਤੀ , ਇਹ ਮਕਾਨ ਤਾਂ ਆਪਣਾ ਹੈ। ਮੈਂ ਆਖਿਆ।

'ਨਹੀਂ ਬੀਬੀ ਜੀ, ਬਾਬੂ ਜੀ ਨੇ ਇਹ ਇਕ ਮਹੀਨੇ ਲਈ ਹੀ ਲਿਆ ਸੀ ਦੋ ਸੌ ਰੁਪੈ ਮਹੀਨੇ ਤੇ, ਮੈਂ ਆਪ ਹੀ ਤਾਂ ਲੈ ਕੇ ਦਿਤਾ ਸੀ,'

89.