ਪੰਨਾ:ਬਾਦਸ਼ਾਹੀਆਂ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਧਾਂ ਦੇ ਘਰ ਮੂਹਰੇ ਜਾ ਕੇ ਦਿਤੀ, ਵਾਜ ਜਗਾਲਣ ਦੀ-
'ਫੁਲ, ਗ਼ਜਰੇ, ਗੁਲਦਸਤੇ, ਮਾਲਾ ਲੌ ਨਰਗਸ ਮਤਵਾਲਣ ਦੀ
'ਮਾਲਣ ਆਈ ਬੂਟੀ ਲੈ ਕੇ ਜਜ਼ਬੇ ਮਰੇ ਜਿਵਾਲਣ ਦੀ ।
ਤਬਕੀ ਰਾਧਾ, ਧੂ ਪਈ ਦਿਲ ਵਿਚ, ਵਾਜ ਪਛਾਣੀ, ਲਾਲਣ ਦੀ
ਮਸਤ ਚੜ੍ਹ ਗਈ, ਹੋਸ਼ ਰਹੀ ਨਾ, ਸਾੜ੍ਹੀ ਸਿਰੇ ਸੰਭਾਲਣ ਦੀ
ਦੌੜੀ, ਦਸ਼ਾ ਅਜੀਬ ਹੋ ਗਈ, ਉਸ ਬਿਰਹਣ-ਬੇਹਾਲਣ ਦੀ
ਸਿਰੋਂ ਪੈਰ ਤਕ, ਪੈਰੋਂ ਸਿਰ ਤਕ, ਦੇਖੇ ਸੂਰਤ ਮਾਲਣ ਦੀ
ਕਰੇ ਨ ਕੁਝ ਪਰਵਾਹ, ਲਮਘੁੰਡੀ ਮਾਲਣ ਮੂੰਹ ਦਿਖਾਲਣ ਦੀ
ਰਾਧਾ ਦਾ ਦਿਲ ਧੜਕੇ, ਸੋਚੇ ਜੁਗਤੀ ਘੁੰਡ ਉਠਾਲਣ ਦੀ
ਪੁਛਿਆ 'ਮਾਲਣ ! ਲੋੜ ਪਈ ਕੀ ਫੁਲ ਬਿਦੋਸ਼ੇ ਘਾਲਣ ਦੀ
ਉਤਰ ਮਿਲਿਆ ਸਿਖਣੀ ਸੀ ਮੈਂ ਰੀਤ ਪ੍ਰੀਤ ਦੇ ਪਾਲਣ ਦੀ
ਫਿਰ ਪੁਛਿਆ 'ਕਿਸ ਜਾਚ ਦਸੀ ਤੁਧ ਹਿਰਦੇ ਫੁਲ ਉਧਾਲਣ ਦੀ?'
ਬੋਲੀ 'ਜਿਸ ਬਖਸ਼ੀ ਤੁਧ ਸ਼ਕਤੀ ਪ੍ਰੇਮ ਮੁਆਤੇ ਬਾਲਣ ਦੀ ।'
ਫਿਰ ਪੁਛਿਆ 'ਕਿਉਂ ਵਯੋਂਤ ਕਰੇਂ ਤੂੰ ਮੁੜ੍ਹਕੇ ਨਾਲ ਨਵ੍ਹਾਲਣ ਦੀ ?'
ਬੋਲੀ 'ਫੁਲ ਲੈਣੇ ਤਾਂ ਲੈ ਲੈ, ਕਰੇ ਨ ਟਾਲਣ ਵਾਲਣ ਦੀ ।'
ਰਾਧਾ ਰੋਈ, ਸ਼ਯਾਮ ਹੱਸ ਪਏ, ਗਲ ਭਈ ਮਨ ਹੰਗਾਲਣ ਦੀ
‘ਸੁਥਰੇ’ ਜੋਗਣ-ਮਾਲਣ ਬਣ ਜਾ, ਲੋੜ ਜੇ ਉਸ ਦੇ ਭਾਲਣ ਦੀ


ਹੱਸਾਂ ਕਦੋਂ ਤੇ ਰੋਵਾਂ ਕਦੋਂ

ਇਕ ਮਿੱਤਰ ਨੇ ਪੁਛਿਆ 'ਸੁਥਰੇ' ਤੂੰ ਨਿਤ ਹਸਦਾ ਦਿਸਦਾ ਹੈਂ
'ਖਬਰੇ ਜਗ ਤੇ ਤੂੰ ਕੀ ਲੱਭਿਆ ? ਕਦੇ ਨ ਰੋਂਦਾ ਦਿਸਦਾ ਹੈਂ?
ਮੈਂ ਹੱਸ ਕਿਹਾ 'ਅਞਾਣੇ ਯਾਰਾ, ਬੇਸ਼ਕ ਮੈਂ ਖੁਸ਼ ਰਹਿੰਦਾ ਹਾਂ
'ਜ਼ਰਾ ਜ਼ਰਾ ਗੱਲ ਪਿਛੇ ਰੋ ਰੋ ਨਿਤ ਭੁੰਜੇ ਨਾ ਲਹਿੰਦਾ ਹਾਂ
'ਸਿਰ ਤੇ ਔਕੁੜ ਕੋਈ ਜੇ ਆਵੇ, ਟਾਲ ਛਡਾਂ ਮੈਂ ਹਸ ਹਸ ਕੇ
ਚਿੰਤਾਂ ਤਈਂ ਚਪੇੜਾਂ ਲਾਵਾਂ ਮੁਸਕਰਾਹਟ ਦੀਆਂ ਕਸ ਕਸ ਕੇ
ਕਾਮਯਾਬ ਇਸ ਜਗ ਤੇ ਕੋਈ ਰੋਂਦੂ ਕਦੇ ਨ ਹੋਯਾ ਹੈ
'ਖਿੜਵੀਂ ਦਿੜ੍ਹਤਾ ਅਰਸ਼ ਚੜ੍ਹਾਵੇ, 'ਬੁੜ ਬੁੜ' ਦੇਂਦੀ ਟੋਯਾ ਹੈ

-੯੦-