ਪੰਨਾ:ਬਾਦਸ਼ਾਹੀਆਂ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਕੀ ਫਿਰੇ ਬਿਗਾਨੇ ਲੇਖੇ, ਰੋਕੜ, ਖਾਤੇ, ਸੂੜ੍ਹ
ਮਿਲਨ ਬਹਾਨੇ ਕੋਈ ਆ ਕੇ ਪਾਵਣ ਗਲੇ ਝੜੰਮ
ਲਿਖ ਲਿਖ ਚਿਠੀਆਂ ਕਈ ਪੁਛਦੇ ਨੈਣ, ਮਗਜ਼ ਤੇ ਚੰਮ
ਜੇ ਝੜਮ ਨਾ ਗਲ ਕੁਈ ਪਾਵੇ ਕੈਸਾ ਲਵੇ ਅਨੰਦ
ਦੋ ਘੜੀਆਂ ਰੁਜ਼ਗਾਰ ਕਮਾਵੇ, ਬਾਕੀ ਜੋੜੇ ਛੰਦ
ਢਿੱਡ ਲਈ ਰੋਟੀ,ਤਨ ਲਈ ਕਪੜਾ, ਪੜ੍ਹਨੇ ਲਈ ਕਿਤਾਬ
ਵਾਧੂ ਹੋਰ ਫ਼ਜ਼ੂਲ ਬਖੇੜੇ, ਰੱਖੋ ਦੂਰ ਜਨਾਬ
ਜਗ-ਸਯਾਪੇ ਪੈ ਪਿੱਟਣ ਆਪੇ, 'ਸੁਥਰੇ' ਇਉਂ ਜਗ ਜੀਣ
ਕੋਈ ਮਰੇ ਤੇ ਕੋਈ ਜੀਵੇ ਘੋਲ ਪਤਾਸੇ ਪੀਣ

ਰਬਾ ਬੇਸ਼ਕ ਕੰਮ ਵਧਾ
ਮਗਰ ਘੜੰਮਾਂ ਤੋਂ ਛੁਡਵਾ

ਮਜ਼ੇਦਾਰ ਬੇ-ਵਫ਼ਾਈਆਂ

ਭਾਗਣ ਨਾਲ ਨਿਹਾਲੇ, ਸ਼ਾਦੀ ਭੁੜਕ ਭੁੜਕ ਕੇ ਕੀਤੀ
ਭੰਗ ਪ੍ਰੇਮ ਦੀ ਵਹੁਟੀ ਗਭਰੂ ਰਲ ਕੇ ਭਰ ਭਰ ਪੀਤੀ
ਜੋ ਓਹ ਫੁਲ ਸੀ ਤਾਂ ਓਹ ਬੁਲਬੁਲ, ਓਹ ਮਜਨੂੰ, ਓਹ ਲੇਲੀ
ਓਹ ਚਕੋਰ ਓਹ ਸੁੰਦਰ ਚੰਦਰਮਾ, ਓਹ ਸਤਿਗੁਰ, ਓਹ ਚੇਲੀ
ਓਹ ਸਦਕੇ ਨਿਤ ਉਸ ਤੋਂ ਜਾਵੇ, ਛਿਨ ਛਿਨ ਲਵੇ ਬਲਾਈਆਂ
ਓਹ ਪਰਵਾਨਾ ਓਸ ਸ਼ਮਾਂ ਤੋਂ ਜਾਵੇ ਘੋਲ ਘੁਮਾਈਆਂ
ਐਪਰ ਪੰਜ ਛੇ ਸਾਲਾਂ ਅੰਦਰ ਚੱਕਰ ਐਸਾ ਫਿਰਿਆ
ਉਸ ਦਾ ਦਿਲ ਖਿਚ ਲਿਆ ਹੋਰ ਨੇ, ਓਹ ਹੋਰੀ ਵਲ ਘਿਰਿਆ
ਭਾਗਣ ਨੂੰ ਜਦ ਦੇਖੋ, ਭਗਤੀ ਭਗਤੂ ਦੀ ਹੈ ਕਰਦੀ
ਉਸ ਨੂੰ ਖੁਸ਼ ਰਖਣ ਹਿਤ ਜਿਊਂਦੀ, ਓਹ ਬਿਗੜੇ ਤਾਂ ਮਰਦੀ
ਭਾਵੇਂ ਭੁਖਾ ਰਹੇ ਨਿਹਾਲਾ, ਭਾਗਣ ਘਟ ਹੀ ਗੌਲੇ
ਭਗਤੂ ਦੇ ਭਾਰੇ ਮੋਹ ਅੱਗੇ, ਸਾਰੇ ਜਾਪਣ ਹੌਲੇ
ਉਧਰ ਨਿਹਾਲੇ ਵਾਗ ਪ੍ਰੇਮ ਦੀ ਲਛਮੀ ਵਲ ਚਾ ਮੋੜੀ
ਉਸ ਦੇ ਲਈ ਲੁਟਾਵੇ ਮਾਯਾ ਲੋੜੀ ਤੇ ਬੇਲੋੜੀ

- ੯੬ -