ਪੰਨਾ:ਬਾਦਸ਼ਾਹੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਨੀ ਛੱਡ ਨਿੰਮ੍ਰਤਾ ਸਾਰੀ, ਖਰ੍ਹਵੇ ਹੋਵਨ ਲੱਗੇ !
ਮੈਂ ਦਿਲ ਦੇ ਵਿਚ ਕਿਹਾ ਹੱਸ ਕੇ, ਦੇਖੋ ਅੱਗੇ ਅੱਗੇ !
ਚੌਥੀ ਵਾਰ ਫੇਰ ਮੈਂ ਪੁਛਿਆ 'ਨਾਮ ਤਾਂ ਫਿਰ ਫੁਰਮਾਓ ?'
'ਸ਼ਾਂਤਿ-ਸਰੂਪ' ਸੰਤ ਹਾਂ ਮੈਂ ਜੀ ! ਸਿਰ ਨਾ ਬਹੁਤਾ ਖਾਓ !'
ਪਲ ਪਿੱਛੋਂ ਮੂੰਹ ਪੀਡਾ ਕਰਕੇ, ਓਹੋ ਬਿਨੈ ਉਚਾਰੀ !
'ਸ਼ਾਂਤਿ-ਸਰੂਪ' ਯਾਦ ਨਹੀਂ ਰਹਿੰਦਾ ? ਮੱਤ ਤਿਰੀ ਕਯੋਂ ਮਾਰੀ ?'
ਛੇਵੀਂ-ਸੱਤਵੀਂ ਵਾਰ ਜਦੋਂ ਫਿਰ ਪ੍ਰਸ਼ਨ ਉਹੀ ਮੈਂ ਕੀਤਾ !
ਫਿਰ ਤਾਂ ਮਾਨੋ ਲੱਗ ਗਿਆ ਝਟ ਖ਼ੁਸ਼ਕ-ਬਰੂਦ ਪਲੀਤਾ !
ਧੂਣੇ 'ਚੋਂ ਫੜ ਮੁੱਢੀ ਬਲਦੀ ਮੈਨੂੰ ਮਾਰਨ ਦੌੜੇ !
ਮਣ ਮਣ ਫੱਕੜ ਮੂੰਹ ਚੋਂ ਤੋਲਣ ਨਥਣੇ ਹੋਏ ਚੌੜੇ !
ਸ਼ਾਂਤੀ 'ਸ਼ਾਂਤ ਸਰੂਪ ਸੰਤ' ਦੀ ਦੇਖ ਹੱਸੇ ਸਭ ਲੋਕੀ !
'ਵਾਹ ਸੰਤੋ ! ਭਜ ਗਈ ਤਿਹਾਰੀ, ਕਿਧਰ ਨਿਮ੍ਰਤਾ ਫੋਕੀ ?'
ਓਸੇ ਵਕਤ ਬਰਾਗਨ-ਚਿੱਪੀ ਅਪਨੀ ਉਨ੍ਹਾਂ ਉਠਾਈ !
ਐਸੇ ਗਏ ਪਿੰਡ ਤੋਂ 'ਸੁਥਰੇ' ਫਿਰ ਨਾ ਸ਼ਕਲ ਦਿਖਾਈ !

ਜੀਭ

ਬੋੱਟੀ ਤੋਲਾ ਨਰਮ ਮਾਸ ਦੀ, ਬਣ ਜਾਇ ਤੇਜ਼ ਕਰਾਰੀ ਜੀਭ!
ਲਕੜੀ ਵਾਂਗ ਦਿਲਾਂ ਨੂੰ ਚੀਰੇ, ਬਿਨ ਦੰਦਿਆਂ ਦੇ ਆਰੀ ਜੀਭ!
ਓ ਬੜਬੋਲੇ ! ਮੂੰਹ ਭੈੜੇ ਥੀਂ, ਗੱਲ ਤਾਂ ਚੰਗੀ ਕਰਿਆ ਕਰ,
ਚੁਲ੍ਹੇ ਮੂੰਹ ਵਿਚ ਧੁਖਦੀ ਭਖ਼ਦੀਂ, ਦਿੱਸੇ ਤੇਰੀ ਅੰਗਾਰੀ ਜੀਭ!
ਸਤਿਆਨਾਸ ਨਾ ਹਿੰਦ ਦਾ ਹੁੰਦਾ ਛਿੜ ਕੇ ਕੌਰਵ-ਪਾਂਡੋ ਜੰਗ,
ਜੇ ਦਰੋਪਦੀ ਸਾਂਭੀ ਰਖਦੀ ਮੂੰਹ ਵਿਚ ਤੇਗ਼-ਦੁਧਾਰੀ ਜੀਭ!
ਯਾ ਅੱਲਾ, ਨਿਭ ਸਕੇ ਕਿਸ ਤਰ੍ਹਾਂ, ਉਸ ਕਾਫ਼ਰ ਸੰਗ ਮੇਰਾ ਪ੍ਰੇਮ,
ਸੂਰਤ ਚੰਗੀ ਭਾਵੇਂ ਉਸ ਦੀ, ਪਰ ਹੈ ਬੜੀ ਨਿਕਾਰੀ ਜੀਭ!
ਮੁਸ਼ਕੀ-ਰੰਗੇ ਪ੍ਰੀਤਮ ਨੂੰ ਮੈਂ ਕਿਹਾ, 'ਬੋਲਿਆ ਕਰ ਮਿੱਠਾ'
ਆਖਣ ਲੱਗਾ 'ਸਲੂਣੇ ਮੂੰਹ ਵਿਚ ਚਾਹੀਏ ਬੜੀ ਕਰਾਰੀ ਜੀਭ!
ਬੜੇ ਬੜੇ ਜੋਧੇ ਜੋ ਡਰਦੇ ਨਹੀਂ ਤੋਪਾਂ ਬੰਦੂਕਾਂ ਤੋਂ,

-੧੫-