ਪੰਨਾ:ਬਾਦਸ਼ਾਹੀਆਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰੇ ਦੀ ਖੁਸ਼ੀ ਨਾਲ ਖੁਸ਼ੀ

ਮਾਂਗ ਵਿਚ ਸੰਧੂਰ ਵੇਖ ਕੇ, ਹਨੂਮਾਨ ਚਕਰਾਇਆ !
'ਖ਼ਬਰੇ ਮਾਤਾ ਨੇ ਇਹ ਸਿਰ ਤੇ ਰੰਗ ਜਿਹਾ ਕਿਉਂ ਲਾਇਆ ?'
ਰਹਿ ਨ ਸਕਿਆ, ਪੁਛ ਹੀ ਲੀਤਾ 'ਮਾਤਾ, ਰਾਮ ਪਿਆਰੀ !
'ਲਾਲ ਸੰਧੂਰ ਨਾਲ ਕਿਉਂ ਚਿੱਟੀ ਮਾਂਗ ਰੰਗੀ ਹੈ ਸਾਰੀ ?'
ਮਾਤਾ ਸੀਤਾ ਦੇ ਹਿਰਦੇ ਵਿਚ ਫ਼ੋਰਨ ਕੁਛ ਕੁਛ ਹੋਇਆ !
ਅੱਖਾਂ ਅੱਗੇ ਰਾਮ ਪਿਆਰੇ ਦਾ ਆ ਚਿਤ੍ਰ ਖਲੋਇਆ !
ਕਹਿਣ ਲਗੀ 'ਏਹ ਲੀਕ ਸੰਧੂਰੀ ਮਿਰੀ ਸੁਹਾਗ ਨਿਸ਼ਾਨੀ !
'ਕਹਿੰਦੀ ਹੈ ਕਿ ਜਗ ਜੁਗ ਜੀਵੇ ਮੇਰਾ ਮਾਨੀ ਤਾਨੀ !
'ਏਹ ਸੰਧੂਰ ਵੇਖ ਖੁਸ਼ ਹੋਵੇ ਮੇਰੇ ਸਿਰ ਦਾ ਸਾਈਂ !'
‘ਤਦੇ ਮਾਂਗ ਵਿਚ ਇਸ ਨੂੰ ਨਿਤ ਹਾਂ ਲਾਂਦੀ ਚਾਈਂ ਚਾਈਂ !'
ਹਨੁਮਾਨ ਇਹ ਸੁਣ ਕੇ ਟਪਿਆ, ਆਹਾ ਕਿਰਪਾ ਵੱਸੀ !
‘ਬੀਬੀ ਮਾਤਾ ! ਧੰਨ ਧੰਨ ਤੂੰ, ਜਿਨ ਏਹ ਘੁੰਡੀ ਦੱਸੀ !
'ਜੇ ਉਂਗਲ ਭਰ ਲੀਕ ਸੰਧੂਰੀ, ਖੁਸ਼ੀ ਰਾਮ ਕਰਵਾਵੇ !
'ਇਸ ਦੇ ਲਾਇਆਂ ਉਮਰ ਰਾਮ ਦੀ ਆਹਾ, ਜੇ ਵਧ ਜਾਵੇ !
'ਕਿਉਂ ਨਾ ਮੈਂ ਫਿਰ ਸਿਰੋਂ ਪੈਰ ਤਕ ਸਭ ਸੰਧੂਰ ਲਗਾਵਾਂ ?
'ਕਿਉਂ ਨਾ ਮੈਂ ਪੂਰੀ ਖੁਸ਼ੀ ਓਸ ਦੀ ਜੁਗੋ ਜੁਗੰਤਰ ਪਾਵਾਂ ?
ਇਹ ਕਹਿ ਸਿਰ ਤੋਂ ਪੈਰਾਂ ਤਕ, ਇਕ ਦਮ ਸੰਧੂਰ ਲਗਾਇਆ !
ਪਰਲੈ ਤੀਕਰ ਹਨੂਮਾਨ ਨੇ 'ਪਰਮ ਭਗਤ' ਪਦ ਪਾਇਆ !
ਪਿਆਰਾ ਜਿਸ ਗੱਲੋਂ ਖੁਸ਼ ਹੋਵੇ 'ਸੁਥਰੇ’ ਜੇ ਓਹ ਕਰੀਏ !
ਬਸ ਫਿਰ ਖ਼ੁਸ਼ੀਆਂ, ਖੁਸ਼ੀਆਂ, ਖ਼ੁਸ਼ੀਆਂ, ਕਦੀ ਨ ਹਾਵੇ ਮਰੀਏ !

ਪੈਸਿਓਂ ਟੁੱਟਾ

ਪੈਸਿਓਂ ਟੁੱਟਾ ਯਾਰ ਮਿਰਾ ਇਕ ਡਾਢਾ ਇਕ ਦਿਨ ਝੁਰਿਆ !
ਕਹਿਣ ਲੱਗਾ 'ਬਈ ਪੈਸਿਓਂ ਟੁਟ ਮੈਂ ਵਿਚੇ ਵਿਚ ਹਾਂ ਖੁਰਿਆ !
'ਜਾਨ-ਜਵਾਨੀਓਂ ਟੁਟ ਜਾਏ ਭਾਵੇਂ, ਪੈਸਿਓਂ ਕੋਈ ਨਾ ਟੁੱਟੇ !

-੩੭-