ਪੰਨਾ:ਬਾਦਸ਼ਾਹੀਆਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਧਨ-ਮਸ਼ੂਕ ਇਕ ਵਾਰ ਗਲੇ ਲਾ, ਫੇਰ ਪਰ੍ਹੇ ਨਾ ਸੁੱਟੇ !
'ਪੈਸਿਓਂ ਟੁੱਟੇ ‘ਹਾਤਮ’ ਨੂੰ ਭੀ, ਮੂੰਹ ਨਾ ਕੋਈ ਲਗਾਵੇ!
'ਪੈਸਿਓਂ ਟੁੱਟੇ 'ਮਜਨੂੰ' ਨੂੰ ਭੀ 'ਲੇਲਾਂ' ਠੁੱਠ ਦਖਾਵੇ !
'ਪੈਸਿਓਂ ਟੁੱਟੇ ਗਭਰੂ ਤਾਈਂ ਵਹੁਟੀ ਹਰਦਮ ਝਾੜੇ !
'ਪੈਸਿਓਂ ਟੁੱਟਾ ਪਿਓਂ ਮੋਇਆ ਨ ਚੱਜ ਨਾਲ ਕੋਈ ਸਾੜੇ !
'ਪੈਸਿਓਂ ਟੁੱਟੇ ਰਾਜੇ ਨੂੰ ਭੀ ਨੌਕਰ ਦੰਦ ਦਿਖਾਵਨ !
'ਪੈਸਿਓਂ ਟੁੱਟੇ ਗਾਹਕਾਂ ਤੋਂ, ਹਟ ਵਾਲੇ ਸੜ ਬਲ ਜਾਵਨ!
'ਪੈਸਿਓਂ ਟੁੱਟੇ ਮਿੱਤਰ ਤੋਂ ਸਭ ਮਿੱਤਰ ਅਖ ਚੁਰਾਂਦੇ !
'ਪੈਸਿਓਂ ਟੁੱਟੇ ਰਾਹੀ ਨੂੰ ਮੰਗਤੇ ਭੀ ਨਹੀਂ ਬੁਲਾਂਦੇ !
'ਪੈਸਿਓਂ ਟੁੱਟੇ ਸੌਦਾਗਰ ਦਾ ਨਿਕਲੇ ਝਟ ਦਿਵਾਲਾ !
'ਪੈਸਿਓਂ ਟੁੱਟੇ ਭਣਵਈਏ ਨੂੰ ਸਾਲੇ ਆਖਣ ਸਾਲਾ !
'ਪੈਸਿਓ ਜੇ ਰੱਬ ਭੀ ਟੁੱਟ ਜਾਵੇ, ਬੈਠਾ ਢੋਲੇ ਗਾਵੇ !
'ਸ਼ਰਤ ਲਾਓ ਜੇ ਕੋਈ ਭੀ ਉਸਦਾ ਨਾਮ ਜੀਭ ਤੇ ਲਿਆਵੇ!
'ਲਛਮੀ ਤੇ ਵਿਸ਼ਨੂੰ ਨੇ ਇਕ ਦਿਨ ਪ੍ਰਸਪਰ ਸ਼ਰਤ ਲਗਾਈ!
'ਕਿਸ ਦੇ ਲੋਕ ਭਗਤ ਹਨ ਬਹੁਤੇ ? ਮਿਥ ਕੇ ਸ਼ਕਲ ਵਟਾਈ!
'ਦੋਵੇਂ ਇਕ ਮੰਦਰ ਜਾ ਬੈਠੇ, ਆਏ ਭਗਤ ਪਿਆਰੇ!
'ਲਛਮੀ ਦੇ ਸਭ ਚਰਨੀਂ ਲੱਗੇ, ਰਬ ਨੂੰ ਧੱਕੇ ਮਾਰੇ!
'ਜਗ ਵਿਚ ਸਭ ਕੁਝ ਐਸਾ ਵੈਸਾ ਜੈਸਾ ਕੈਸਾ ਤੈਸਾ!
'ਪੈਸਾ ਪੈਸਾ ਪੈਸਾ ਪੈਸਾ ਪੈਸਾ ਹੈ ਬਈ ਪੈਸਾ !'
ਉਸ ਦਾ ਰੋਣਾ ਸੁਣ ਮੈਂ ਹਸਿਆ, ਨਾਲ ਇਸ਼ਾਰੇ ਦਸਿਆ:-
'ਸੁਥਰਾ’ ਸਬਕ ਕਮਲ ਤੋਂ ਸਿਖ ਜੋ ਚਿੱਕੜ ਵਿਚ ਨਹੀਂ ਫ਼ਸਿਆ !

ਮੇਰੀ ਜਵਾਨੀ ਮੋੜ ਦੇਹ

ਬੁੱਢਾ ਸੀ ਇਕ ਕੁਰਲਾ ਰਿਹਾ:-
ਰੱਬਾ, ਬਿਤਰਸੀ ਛੋੜ ਦੇਹ-ਮੇਰੀ ਜਵਾਨੀ ਮੋੜ ਦੇਹ!
ਲੈ ਲੈ ਜੋ ਦਿਤੀਆਂ ਦੌਲਤਾਂ, ਲੈ ਲੈ ਜ਼ਮੀਨਾਂ ਖੇਤੀਆਂ!
ਚੁਕ ਲੈ ਮਹਿਲ ਤੇ ਮਾੜੀਆਂ, ਲੈ ਰੇੜ੍ਹ ਗਡੀਆਂ ਮੋਟਰਾਂ !

-੩੮-