ਪੰਨਾ:ਬਾਦਸ਼ਾਹੀਆਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਦਿਨੇ ਖੁੱਲ੍ਹ ਕੇ ਗੜ ਗੜ ਕਰ ਕੇ, ਵੱਸਿਆ ਕਰ ਤੂੰ ਜਮ ਜਮ ਜਮ
'ਓਦੋਂ ਬੇਸ਼ੱਕ ਵੱਸੀਂ ਰਾਤੀਂ 'ਸੁਥਰਾ' ਜਦੋਂ ਅਮੀਰ ਬਣੂ,
‘ਯਾ ਜਦੋਂ ਬੁੱਢਾ ਖੌਢਾ ਹੋ ਕੇ, ਪਊ ਕਮਰ ਵਿਚ ਖਮ ਖ਼ਮ ਖ਼ਮ !

ਸੜੂ

ਪੁੱਤ ਦੇ ਸਾਹੁਰੇ ਜਾਣ ਲਈ ਮੈਂ ਰੇਲ ਗੱਡੀ ਵਿਚ ਚੜ੍ਹਿਆ
ਭਲਾ ਲੋਕ ਇਕ ਬੈਠਾ ਸੀ ਓਹ ਬਿਨ ਕਾਰਨ ਹੀ ਸੜਿਆ
ਲੰਮੀ, ਚੌੜੀ, ਖੁੱਲ੍ਹੀ ਗੱਡੀ ਬੈਠਣ ਜਿਸ ਵਿਚ ਚਾਲੀ
ਕੱਲਾ ਸੀ ਓਹ ਡਟਿਆ ਹੋਇਆ, ਕਾਕੇ ਤਾਈਂ ਸੰਭਾਲੀ
ਮੇਰੇ ਬੈਠਣ ਨਾਲ ਓਸ ਨੂੰ ਖ਼ਬਰੇ ਕੀ ਦੁਖ ਪੁਜਾ !
ਮੱਥਾ ਹੋਇਆ ਠੀਕਰੀਆਂ, ਤੇ ਮੂੰਹ ਸੁਜ ਹੋਇਆ ਕੁੱਜਾ !
ਮੈਂ ਉਸ ਨੂੰ ਖੁਸ਼ ਕਰਨ ਲਈ, ਕਾਕੇ ਨੂੰ ਪੁਚ ਪੁਚ ਕੀਤਾ
ਪਰ ਉਸ ਉਲਟਾ 'ਲਾਲ ਅੱਖਾਂ ਕਰ, ਘੁੱਟ ਲਹੂ ਦਾ ਪੀਤਾ
ਫਿਰ ਭੀ ਮੈਂ ਦਿਲ ਤਕੜਾ ਕਰ ਕੇ, ਪ੍ਰਸ਼ਨ ਪੁਛਿਆ ਸਾਦਾ:-
'ਲਾਲਾ ਜੀ ! ਏਹ ਥੋਡਾ ਪੁਤ ਹੈ ਸੁੰਦਰ ਸਾਹਿਬਜ਼ਾਦਾ ?'
ਹਲਕੇ ਕੁੱਤੇ ਵਾਂਗ ਭੁੜਕ ਕੇ, ਦਿਤਾ ਉਸ ਨੇ ਉੱਤਰ:-
'ਜੇ ਏਹ ਮਿਰਾ ਨਹੀਂ ਤਾਂ ਕੀ ਹੈ ਤੇਰੇ ਬਾਪ ਦਾ ਪੁੱਤਰ ?
ਹੋ ਕੇ ਢੀਠ ਕਿਹਾ ਮੈਂ 'ਕਾਕਾ ਹੈ ਅਤੇ ਬੀਬਾ ਸੋਹਣਾ'
ਕਹਿਣ ਲਗਾ 'ਕੀ ਲਾ ਕੇ ਨਜ਼ਰਾਂ, ਰੂਪ ਇਦ੍ਹਾ ਈ ਖੋਹਣਾ ?
ਮੈਂ ਫਿਰ ਕਿਹਾ 'ਵਾਹਿਗੁਰੂ ਬਖਸ਼ੇ, ਨਜ਼ਰ ਕੋਈ ਕਿਉਂ ਲਾਵੇ ?
ਰਾਜ਼ੀ ਰਹੇ, ਜਵਾਨੀ ਮਾਣੇ, ਸੁਖ ਸੰਸਾਰਕ ਪਾਵੇ ?
ਕਿਹਾ ਪਰਤ ਉਸ 'ਕਿਸੇ ਹੋਰ ਦੀ, ਖਾਣੀ ਨਹੀਂ ਇਸ ਖੱਟੀ !
‘ਭੋਗੇ ਯਾ ਨਾ ਭੋਗੇ ਐਸ਼ਾਂ ਤੈਨੂੰ ਕੀ ਹੈ ਚੱਟੀ ?'
ਕਿਹਾ ਸਨਿੰਮਰ 'ਬੱਚਾ ਹੈ ਇਕ ਜੈਸਾ ਹਮਰਾ ਤੁਮਰਾ
'ਮੈਂ ਕਿਉਂ ਬੁਰਾ ਏਸ ਦਾ ਚਿਤਵਾਂ ? ਭੋਗੇ ਵੱਡੀ ਉਮਰਾ !'
ਘੁਰਕ ਕਿਹਾ ਉਸ ‘ਪਰੇ ਬੈਠ ਤੁਧ ਕਿਹਾਂ ਨ ਇਸ ਮਰ ਜਾਣਾ
‘ਕਾਂ ਦੇ ਕਿਹਾਂ ਢੋਰ ਨਹੀਂ ਮਰਦੇ, ਹੁੰਦਾ ਰਬ ਦਾ ਭਾਣਾ !'

-੪੮-