ਪੰਨਾ:ਬਾਦਸ਼ਾਹੀਆਂ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਵੇਹਲੇ ਨੂੰ ਜਿਸ ਨੇ ਡਿੱਠਾ ਸੌ ਵੱਟ ਮੱਥੇ ਪਾਇਆ
ਕੰਮ ਕਾਰ ਵਿਚ ਰੁਝੇ ਸਾਰੇ, ਵੇਹਲਾ ਕਿੱਥੇ ਜਾਵੇ !
ਵੇਹਲੇ ਦਾ ਦਿਲ ਦੁਖੀ ਹੋ ਗਿਆ ਦਿਨ ਬੀਤਣ ਨ ਆਵੇ
ਨੱਕ ਰਗੜ ਕੇ ਆਖਰ ਪਿੱਛਾ ਰਬ ਨੂੰ ਆਖ ਛੁਡਾਇਆ
ਪੰਜ ਰੁਪੱਯੇ 'ਸੁਥਰੇ' ਛੱਡੇ, ਕੰਮ ਵਲ ਦਿਲ ਲਾਇਆ

ਦੂਜਾ ਵਿਆਹ

ਪੁੱਤਰ ਧੀਆਂ ਹੁੰਦਿਆਂ ਸੁੰਦਿਆਂ ਯਾਰ ਮੇਰੇ ਝਖ ਮਾਰੀ
ਯਾਨੀ ਇਕ ਦੇ ਮਰਨ ਸਾਰ, ਲੈ ਆਂਦੀ ਦੂਜੀ ਨਾਰੀ
ਮਿੰਨਤ ਕੀਤੀ, ਦਮੜੇ ਖਰਚੇ, ਝਟ ਪਟ ਵਿਆਹ ਕਰਾਇਆ
ਕਹੇ 'ਬੰਦ ਸੀ ਬੂਹਾ ਸ਼ਾਦ-ਕੰਜੀ ਨਾਲ ਖੁਲ੍ਹਾਇਆ
ਕੁਝ ਦਿਨ ਬਾਦ ਜਦੋਂ ਮੈਂ ਮਿਲਿਆ, ਝਾੜ ਓਸ ਨੂੰ ਪਾਈ:-
'ਭਲਿਆ ਲੋਕਾ ! ਬੱਚੇ ਹੁੰਦਿਆਂ, ਸੰਗ ਨਾ ਤੈਨੂੰ ਆਈ ?
'ਅੱਧੀ ਦਰਜਣ ਕੁੜੀਆਂ ਮੁੰਡੇ, ਫਿਰ ਕਿਉਂ ਸ਼ਾਦੀ ਕੀਤੀ ?
‘ਮਰਨ ਵਾਲੀ ਦੀ ਰੂਹ ਕੀ ਆਖੂ ? ਸ਼ਰਮ ਘੋਲ ਹੀ ਪੀੜੀ
ਕਹਿਣ ਲਗਾ 'ਓ ਗਲ ਤਾਂ ਸੁਣ ਲੈ, ਐਵੇਂ ਰੌਲਾ ਪਾਵੇਂ
'ਦੂਜੇ ਦੀ ਨਾ ਸੁਣੇਂ ਸੁਣਾਵੇਂ, ਅਪਨੀ ਦੱਬੀ ਜਾਵੇਂ,
ਜੇ ਨਾ ਦੂਜੀ ਸ਼ਾਦੀ ਕਰਦਾ ਕੌਣ ਪਾਲਦਾ ਬੱਚੇ ?
'ਬਚਿਆਂ ਹਿਤ ਹੀ ਸ਼ਾਦੀ ਕੀਤੀ, ਬਚਨ ਸੁਣਾਵਾਂ ਸੱਚੇ
'ਕੌਣ ਨੁਹਾਂਦਾ ? ਕੌਣ ਧੁਆਂਦਾ ? ਰੋਟੀ ਕੌਣ ਪਕਾਂਦਾ ?
ਬਚਿਆਂ ਦੀ ਮੈਂ ਸੇਵਾ ਕਰਦਾ, ਯਾ ਰੁਜ਼ਗਾਰ ਕਮਾਂਦਾ ?
'ਬਚਿਆਂ ਦੇ ਸੁਖ ਲਈ ਸੱਜਣਾ ਸ਼ਾਦੀ ਹੋਰ ਕਰਾਈ
'ਵਰਨਾ ਬਚੇ ਰੁਲ ਖੁਲ ਜਾਂਦੇ, ਝੂਠ ਨ ਬੋਲਾਂ ਰਾਈ !'
ਮੈਂ ਪੁਛਿਆ 'ਤਾਂ ਖ਼ੈਰ, ਖ਼ੂਬ ਹੁਣ ਬੱਚੇ ਹੋਸਣ ਪਲਦੇ ?
'ਸਕੀਆਂ ਵਾਂਗ ਲਾਡ ਹੋਊ ਕਰਦੀ ? ਖ਼ੁਸ਼ੀ, ਖੇਡਦੇ ਮਲਦੇ ?'
ਕਹਿਣ ਲਗਾ 'ਹਾਂ, ਨਾਨਕਿਆਂ ਘਰ ਘਲ ਛੱਡੇ ਨੇ ਸਾਰੇ

-੫੧-