ਪੰਨਾ:ਬਾਦਸ਼ਾਹੀਆਂ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਵਾਹ ਜੀ ! ਫੂੰ ਫੂੰ ਸੰਦਾ ‘ਸੁਥਰਾ’ ਸਵਾਦ ਪੁੱਤ ਤੋਂ ਲੀਤਾ ।'

ਹੋਛਾ ਗੱਭਰੂ

ਇਕ ਅੰਨ੍ਹੀ ਦਾ ਦੂਲੋ ਇਕ ਦਿਨ, ਪ੍ਰੇਮ ਲਗਾ ਦਿਖਲਾਵਣ --
'ਪਿਆਰੀ ! ਤੇਰੇ ਨਾਲੋਂ ਮੈਨੂੰ ਪਰੀਆਂ ਭੀ ਨਾ ਭਾਵਣ
'ਭਾਵੇਂ ਤੂੰ ਹੈਂ ਅੱਖੋਂ ਅੰਨ੍ਹੀਂ, ਮੈਂ ਦੋ ਨੈਣਾਂ ਵਾਲਾ
ਰੰਗ ਮੇਰਾ ਹੈ ਗੋਰਾ ਚਿੱਟਾ, ਤੇਰਾ ਤਵਿਓਂ ਕਾਲਾ
'ਤੇਰੇ ਮੁਖ ਤੇ ਦਾਗ ਸੀਤਲਾ ਖੱਖਰ ਵਾਂਗੂੰ ਡਰਾਂਦੇ
'ਮਿਰਾ ਚੰਦ ਮੁਖ ਵੇਖ ਤਾਰਿਆਂ ਵਾਂਗੂੰ ਲੋਕ ਲਜਾਂਦੇ
'ਤੂੰ ਅਨਪੜ੍ਹ ਤੇ ਬਾਪ ਤਿਰਾ ਹੈ ਟੁੱਟੀ ਹੱਟੀ ਵਾਲਾ
'ਮੈਂ ਵਿਦਵਾਨ, ਸ਼ੁਕੀਨ, ਸਜੀਲਾ, ਅਫ਼ਸਰ ਖੱਟੀ ਵਾਲਾ
'ਜਿਸ ਤਰਫ਼ੋਂ ਲੰਘ ਜਾਵਾਂ ਕੇਰਾਂ, ਉਂਗਲਾਂ ਲੋਕ ਉਠਾਵਣ
'ਸ਼ਾਦੀ ਲਈ ਅਮੀਰ ਘਰਾਂ ਤੋਂ, ਰੋਜ਼ ਸੁਨੇਹੇ ਆਵਣ
'ਪਰ ਮੈਂ ਤੇਰੀ ਖ਼ਾਤਰ ਦਿਲ ਵਿਚ ਕੋਈ ਗੱਲ ਨ ਲਿਆਵਾਂ
'ਅਕਲ ਸ਼ਕਲ ਨ ਅੱਖਾਂ ਤਿਰੀਆਂ, ਫਿਰ ਭੀ ਲਾਡ ਲਡਾਵਾਂ
'ਕਾਸ਼ ! ਰੱਬ ਤੋਂ ਇਕ ਛਿਨ ਖਾਤਰ, ਹੀ ਅੱਖਾਂ ਤੂੰ ਪਾਵੇਂ
ਮੇਰੀ ‘ਹੁਸਨ, ਜਵਾਨੀ ਤੇ ਕੁਰਬਾਨੀ ਦੇ ਗੁਣ ਗਾਵੇਂ !'
ਹਉਕਾ ਭਰ ਕੇ ਅੰਨ੍ਹੀ ਬੋਲੀ ਕਹਿ ਲੌ ਜੋ ਕੁਝ ਕਹਿਣਾ
'ਮਾਰੋ ਰੱਜ ਗਪੌੜ-ਸ਼ੇਖੀਆਂ, ਪਰ ਧੋਖੇ ਨਾ ਰਹਿਣਾ
'ਠੀਕ ਸਮਝਦੀ ਹਾਂ ਮੈਂ, ਹੋਸੋ ਤੁਸੀਂ ਮੇਰੇ ਹੀ ਜੈਸੇ
'ਕੀ ਹੋਇਆ ਜੇ ਅੱਖਾਂ ਵਾਲੇ ? ਬਾਕੀ ਐਸੇ ਵੈਸੇ
'ਹੋਛੇ ਸਵਾਮੀ ! ਤੁਸੀਂ ਜੇਕਰਾਂ ਸਚ ਮੁਚ 'ਸੁਥਰੇ' ਹੋਵੋ !
'ਇੰਜ ਹਸਾਨ ਨੂੰ ਕਦੀ ਜਤਾਓ, ਮਿਰੇ ਦੁਖ ਵਿਚ ਰੋਵੋ !'

ਅਮੀਰ ਗ਼ਰੀਬ

ਇਕ ਧਨੀ ਦੀ ਵਾਦੀ ਹੀ ਸੀ, ਹਰ ਦਮ ਝੁਰਦਾ ਰਹਿੰਦਾ :-
'ਬਾਬਾ ! ਦੌਲਤ ਹੈ ਦੁਖਦਾਈ, ਸਚ ਸਚ ਮੈਂ ਹਾਂ ਕਹਿੰਦਾ

-੫੪-