ਪੰਨਾ:ਬਾਦਸ਼ਾਹੀਆਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਲੋਕ ਸਮਝਦੇ ਸੁਖੀ ਅਸਾਨੂੰ, ਪਰ ਸਾਨੂੰ ਦੁਖ ਭਾਰੀ
'ਮਾਇਆ ਕਾਰਣ ਵਧੀ ਸੌ ਗੁਣਾਂ, ਸਾਡੀ ਜ਼ਿੰਮੇਵਾਰੀ
'ਚੰਦਾ ਮੰਗਣ ਵਾਲੇ ਹੀ ਨਹੀਂ, ਖਹਿੜਾ ਸਾਡਾ ਛਡਦੇ
'ਚਿੱਚੜ ਵਾਂਗੂੰ ਚੰਬੜ ਜਾਂਦੇ, ਰੋਜ਼ ਤਲੀ ਆ ਟਡਦੇ
'ਸਕੇ ਸੋਧਰੇ ਕਰਜ਼ਾ ਮੰਗਣ, ਰਾਤ ਦਿਨੇ ਸਿਰ ਖਾਂਦੇ
'ਗੂੜ੍ਹੇ ਯਾਰ ਉਂਜ ਹੀ ਲੁੱਟਣ ਮਾਲ ਝਪਟ ਲੈ ਜਾਂਦੇ
'ਵਹੁਟੀ, ਪੁੱਤਰ, ਧੀਆਂ, ਭੈਣਾਂ ਭਾਈ, ਬਹੂ, ਜਵਾਈ
'ਚੂਸਣ ਲਹੂ, ਬੋਟੀਆਂ ਨੋਚਣ, ਫਿਰ ਭੀ ਦੇਣ ਦੁਹਾਈ
'ਸਭਾ ਸੁਸੈਟੀ ਵਿਚ ਜੇ ਜਾਈਏ, ਫੜ ਪਰਧਾਨ ਬਣਾਵਣ
'ਫੇਰ ਕਹਿਣ 'ਦਿਓ ਗੱਫੇ ਬਹੁਤੇ' ਖੀਸੇ ਨੂੰ ਹਥ ਪਾਵਣ
ਖੁਲ੍ਹੇ ਫੰਡ ਜੇ ਕੋ ਸਰਕਾਰੀ, ਅਫਸਰ ਕਰਨ ਇਸ਼ਾਰੇ :-
'ਰਾਇ ਸਾਹਬ ! ਡੋ ਚੰਡਾ ਇਸ ਮੇਂ, ਲੋ ਖ਼ਿਟਾਬ ਫਿਰ ਭਾਰੇ'
'ਜਿਧਰ ਦੇਖੋ ਓਧਰ ਹਰ ਕੋਈ, ਮੰਗਦਾ ਦਿੱਸੇ ਪੈਸਾ
'ਵਿਚ ਸਿਕੰਜੇ ਕੁੜਕਣ ਹਡੀਆਂ, ਫਸਿਆ ਹਾਂ ਮੈਂ ਐਸਾ
'ਯਾਰੋ ਪੈਸਾ ਬਹੁ ਦੁਖਦਾਈ, ਨਿਰਧਨ ਅਤਿ ਸੁਖ ਪਾਵਣ
'ਦਿਨੇ ਖੱਟਣ ਤੇ ਰਾਤੀਂ ਖਾਵਣ, ਮੌਜ ਨਿਚਿੰਤ ਉਡਾਵਣ !'
ਪਾਸੋਂ ਇੱਕ ਗ਼ਰੀਬ ਮਖੌਲੀ, ਕਿਹਾ 'ਨ ਜੀ ਕਲਪਾਓ
'ਦੁੱਖ-ਮੂਲ ਧਨ ਮੈਨੂੰ ਚਾ ਦਿਓ, ਆਪ ਅਨੰਦ ਉਡਾਓ !'
ਪਾ ਲਿਆ ਸੇਠ ਹੁਰਾਂ ਸਿਰ ਨੀਵਾਂ, 'ਸੁਥਰਾ' ਖਿੜ ਖਿੜ ਹਸਿਆ
'ਨਿਰਧਨ-ਧਨੀ ਖ਼ੁਸ਼ ਨਹੀਂ ਕੋਈ, ਜਗ-ਚਿੱਕੜ ਜੋ ਫਸਿਆ'

ਹੁਸਨ ਕਿ ਹਕੂਮਤ?

ਭਗਤੀ ਕੀਤੀ, ਰੱਬ ਪ੍ਰਗਟਿਆ, ਖੁਸ਼ੀ ਕਮਾਲ ਦਿਖਾ ਦਿਤੀ:-
'ਹੁਸਨ-ਹਕੂਮਤ’ ’ਚੋਂ ਇਕ ਲੈ ਲੈ, ਅਜਬ ਅੜੌਣੀ ਪਾ ਦਿਤੀ
ਡਿੱਠਾ 'ਹੁਸਨ’ ਨੈਣ ਚੁੰਧਿਆਏ, ਕਹਿਣ ਲਗਾ ਮੈਂ ਮਾਲਕ ਹਾਂ
'ਧਰਤ, ਅਕਾਸ਼, ਪਤਾਲ, ਸਰਿਸ਼ਟੀ ਜੜ੍ਹ ਚੇਤਨ ਦਾ ਪਾਲਕ ਹਾਂ
'ਸ਼੍ਰਿਸ਼ਟਾ ਹੁਸਨ, ਸ਼੍ਰਿਸ਼ਟੀ ਹੁਸਨ, ਹੁਸਨ ਹੁਸਨ ਸਭ ਪਸਰ ਰਿਹਾ

-੫੫-