ਪੰਨਾ:ਬੁਝਦਾ ਦੀਵਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਮੇਰੇ ਵਲ ਤਕਿਆ ਤੇ ਕੁਝ ਵੀ ਨਾ ਬੋਲੀ । ਇਸ ਵੇਲੇ ਉਸ ਨੂੰ ਸ਼ਾਂਤੀ ਨਾਲ ਮਰਨ ਦੇਣਾ ਚਾਹੀਦਾ ਸੀ, ਪਰ ਮੈਂ ਉਸ ਨਾਲ ਬਹੁਤ ਪ੍ਰੇਮ ਕਰਦਾ ਸਾਂ, ਇਸ ਕਰ ਕੇ ਮੇਰੀ ਈਰਖ਼ਾ ਅਫਸੋਸ ਨਾਲੋਂ ਬਹੁਤ ਬਲਵਾਨ ਹੋ ਗਈ ਸੀ । ਮੈਂ ਫੇਰ ਆਖਿਆ-"ਪੂਰੇ ਪੰਜ ਸਾਲ ਤੂੰ ਮੈਨੂੰ ਧੋਖਾ ਦਿਤਾ ਹੈ। ਹਰ ਰੋਜ਼, ਹਰ ਸੈਕਿੰਡ ਪਿਛੋਂ ਤੂੰ ਝੂਠ ਬੋਲਿਆ । ਤੂੰ ਮੇਰੇ ਜੀਵਨ ਦਾ ਸਾਰਾ ਭੇਤ ਜਾਣਦੀ ਸੈਂ, ਪਰ ਮੈਂ ਤੇਰੇ ਬਾਰੇ ਉਕਾ ਧੋਖੇ ਵਿਚ ਰਿਹਾ। ਮੈਨੂੰ ਤੇਰਾ ਕੁਝ ਵੀ ਪਤਾ ਨਾ ਲਗਾ ਤੇਰਾ ਨਾਂ ਤਕ ਵੀ ਤਾਂ ਨਾ ਜਾਣ ਸਕਿਆ । ਜਿਸ ਨਾਂ ਨਾਲ ਮੈਂ ਤੈਨੂੰ ਬਲਾਉਂਦਾ ਰਿਹਾ ਹਾਂ, ਇਹ ਤੇਰਾ ਅਸਲੀ ਨਾਂ ਨਹੀਂ ?ਹੇ ਝੂਠੀ ਇਸਤ੍ਰੀ! ਤੂੰ ਮਰਨ ਮਰਾਂਦ ਪਈ ਏ , ਪਰ ਮੈਂ ਅਜੇ ਤੀਕ ਤੇਰਾ ਠੀਕ ਨਾਂ ਤਕ ਨਹੀਂ ਜਾਣਦਾ। ਤੂੰ ਕਿਥੋਂ ਆਈ ਸੈਂ ? ਕਿਉਂ ਤੂੰ ਮੇਰੇ ਦਿਲ ਵਿਚ ਬਿਨਾਂ ਅਧਿਕਾਰ ਦੇ ਹੀ ਪਰਵੇਸ਼ ਕਰ ਲਿਆ ?"

ਮੇਰੀ ਕੋਸ਼ਸ਼ ਵਿਅਰਥ ਸੀ । ਉੱਤਰ ਦੇਣ ਦੀ ਥਾਂ ਇਸ ਡਰ ਨਾਲ ਕਿ ਕਿਤੇ ਉਸ ਦੀ ਅੰਤਮ ਦ੍ਰਿਸ਼ਟੀ ਉਹਦੇ ਜੀਵਨ ਦਾ ਗੁਪਤ ਭੇਤ ਪ੍ਰਗਟ ਨਾ ਕਰ ਦੇਵੇ, ਉਸ ਨੇ ਬਹੁਤ ਹੀ ਮੁਸ਼ਕਲ ਨਾਲ ਕੰਧ ਵਲ ਮੂੰਹ ਕਰ ਲਿਆ। ਜੀਵਨ ਦੇ ਆਖਰੀ ਪਲ ਤੀਕ ਉਹ ਝੂਠੀ ਹੀ ਰਹੀ ।

੮੦

ਧੋਖਾ