ਪੰਨਾ:ਬੁਝਦਾ ਦੀਵਾ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਮ ਨਾਲ ਵਧੀਕ ਸਾਂਝ ਰਖਣ ਕਰ ਕੇ ਕਰਤਾਰ ਸਿੰਘ ਨੇ ਅਨੁਵਾਦ ਕਰਨ ਲਈ ਵੀ ਓਹੋ ਕਹਾਣੀਆਂ ਹੀ ਚੁਣੀਆਂ, ਜੋ ਦੁਖਾਂਤ ਹਨ ਅਤੇ ਏਸੇ ਕਰ ਕੇ ਉਹਨਾਂ ਦੀ ਮੌਲਿਕਤਾ ਵਿਚ ਕਮੀ ਨਹੀਂ ਆਈ। ਮੈਂ ਸਮਝਦਾ ਹਾਂ ਕਿ ਜੇ ਕਰਤਾਰ ਸਿੰਘ ਜ਼ਿੰਦਗੀ ਦੇ ਨਵੇਂ ਤੇ ਵਡੇ ਤਜਰਬੇ ਕਰਨ ਦੇ ਨਾਲ ਅਜ ਦੇ ਸਾਹਿਤ ਨੂੰ ਬਾਕਾਇਦਗੀ ਨਾਲ ਪੜ੍ਹਨ ਲਗ ਪਵੇ, ਤਾਂ ਉਹ ਕਹਾਣੀ ਦੇ ਹੁਨਰ ਤੋਂ ਵੀ ਜਾਣੂੰ ਹੋ ਜਾਵੇਗਾ ਤੇ ਉਸ ਦੇ ਬਿਆਨ ਵਿਚੋਂ ਉਹ ਸੁਭਾਵਕਤਾ ਵੀ ਲਭਣ ਲਗ ਪਵੇਗੀ ਜੋ ਕਿਸੇ ਸਫਲ ਹੁਨਰ-ਮੰਦ ਦੇ ਹੁਨਰ ਵਿੱਚ ਹੁੰਦੀ ਹੈ।

ਮੈਂ ਆਪ ਮਜ਼ਦੂਰ ਹਾਂ ਤੇ ਮੇਰੀ ਇਹ ਖਾਹਸ਼ ਹੈ ਕਿ ਹਰ ਮਜ਼ਦੂਰ ਨੂੰ ਉਸ ਦੀ ਮਿਹਨਤ ਦਾ ਵੱਧ ਤੋਂ ਵੱਧ ਮੁਲ ਮਿਲੇ। ਕਰਤਾਰ ਸਿੰਘ ਦੀ ਰਚਨਾ ਨਾਲ ਮੈਨੂੰ ਕਰਤਾਰ ਸਿੰਘ ਜਿੰਨਾ ਹੀ ਪਿਆਰ ਹੈ, ਏਸੇ ਕਰ ਕੇ ਛਪਣ ਤੋਂ ਪਹਿਲਾਂ ਮੈਂ ਓਸ ਦੀ ਇਕ ਇਕ ਕਹਾਣੀ ਬੜੇ ਧਿਆਨ ਨਾਲ ਪੜ੍ਹੀ ਹੈ। ਪੰਜਾਬੀ ਪਿਆਰਿਆਂ ਪਾਸ ਮੇਰੀ ਇਹ ਸਫਾਰਸ਼ ਹੈ ਕਿ ਉਹ ਮੇਰੇ ਏਸ ਮਜ਼ਦੂਰ ਭਰਾ ਦੀ ਪਹਿਲੀ ਪੁਸਤਕ ਨੂੰ ਪੂਰੇ ਆਦਰ ਨਾਲ ਪੜਨ ਤੇ ਏਸ ਦੀ ਵੱਧ ਤੋਂ ਵੱਧ ਕਦਰਦਾਨੀ ਕਰ ਕੇ ਇਸ ਨੂੰ ਇਸ ਯੋਗ ਬਨਾਉਣ ਕਿ ਇਹ ਸਾਨੂੰ ਹੋਰ ਚੰਗੇਰੀਆਂ ਚੀਜ਼ਾਂ ਦੇ ਸਕੇ।

ਇਹਨਾਂ ਕਹਾਣੀਆਂ ਨੂੰ ਕਲਾ ਦੇ ਪੈਮਾਨੇ ਨਾਲ ਮਿਣਨ ਦੀ ਥਾਂ ਉਸ ਅਹਿਸਾਸ ਨਾਲ ਜਾਚਣਾ ਤੇ ਪਰਖਣਾ ਚਾਹੀਦਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਇਹ ਲਿਖੀਆਂ ਗਈਆਂ ਹਨ।

ਲਾਹੌਰ ਅਵਤਾਰ ਸਿੰਘ
੨੫-੭-੪੪