ਪੰਨਾ:ਬੰਕਿਮ ਬਾਬੂ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੰਤ ਵਚਿੱਤ੍ਰਤਾ ਨਾਲ ਭਰਪੂਰ ਜੜ੍ਹ ਪਦਾਰਥਾਂ ਨੂੰ ਹਿਰਦੇ ਵਿਚ ਧਾਰਨ ਕਰਦੀ ਹੈ, ਉਹ ਸਭ ਦੇਖਣ ਵਿਚ ਕਿਹੋ ਜੇਹੇ ਨੇ? ਜਿਸ ਨੂੰ ਲੋਕੀ ਵੇਖਣ ਵਿਚ ਸੰਦਰ ਦਸਦੇ ਨੇ, ਉਹ ਸਭ ਦੇਖਣ ਵਿਚ ਕਿਹੋ ਜੇਹੇ ਨੇ? ਤੇਰੇ ਹਿਰਦੇ ਵਿਚ ਜੋ ਬੇ ਗਿਣਤ ਤਰਾਂ ਦੇ ਜੰਤੂ ਵਿਚਰ ਰਹੇ ਨੇ, ਉਹ ਸਭ ਵੇਖਣ ਵਿਚ ਕਿਹੋ ਜੇਹੇ ਨੇ? ਦੱਸ ਮਾਤਾ, ਜਿਸ ਦੇ ਹੱਥ ਸਪਰਸ਼ ਵਿਚ ਏਨਾ ਸੁਖ ਹੈ, ਉਹ ਵੇਖਣ ਵਿਚ ਕਿਹੋ ਜਿਹਾ ਹੈ? ਵਿਖਾ ਮਾਂ, ਕਿ ਵੇਖਣ ਵਿਚ ਕਿਹੋ ਜਿਹਾ ਵਿਖਾਈ ਦੇਂਦਾ ਹੈ। ਵੇਖਣਾ ਕੀ ਹੁੰਦਾ ਹੈ? ਵੇਖਣਾ ਕਿਸ ਨੂੰ ਕਹਿੰਦੇ ਨੇ? ਵੇਖਣ ਵਿਚ ਕਿਸ ਤਰਾਂ ਦਾ ਸੁਖ ਪ੍ਰਾਪਤ ਹੁੰਦਾ ਹੈ? ਕੀ ਮੈਂ ਇਕ ਘੜੀ ਲਈ ਉਸ ਸੁਖ-ਮਈ ਸਪਰਸ਼ ਨੂੰ ਵੇਖ ਨਹੀਂ ਸਕਦੀ? ਦਿਖਾ ਦੇ ਮਾਤਾ! ਬਾਹਰ ਦੀਆਂ ਅੱਖਾਂ ਬੰਦ ਰਹਿਣ ਤਾਂ ਰਹਿਣ। ਮੇਰੇ ਹਿਰਦੇ ਦੀਆਂ ਅੱਖਾਂ ਖੋਲ੍ਹ ਦੇ। ਮੈਂ ਇਕ ਵਾਰੀ ਮਨ ਵਿਚ ਹੀ ਮਨ ਨੂੰ ਲੁਕਾ ਮਨਮੰਨੇ ਰੂਪ ਨੂੰ ਦੇਖ ਕੇ ਜਨਮ ਸਫ਼ਲ ਕਰਾਂ। ਜੀਵ ਜੰਤ, ਕੀੜੇ ਪਤੰਗੇ, ਸਭ ਦੇਖਦੇ ਹਨ, ਮੈਂ ਕਿਹੜੇ ਪਾਪਾਂ ਕਰਕੇ ਵੇਖਣੋ ਆਰੀ ਹਾਂ? ਕੇਵਲ ਵੇਖਣਾ ਚਾਹੁੰਦੀ ਹਾਂ-ਏਸ ਵਿਚ ਕਿਸੇ ਦਾ ਕੀ ਹਰਜ ਹੈ?

ਨਹੀਂ ਨਹੀਂ। ਵੇਖਣਾ ਮੇਰੇ ਭਾਗਾਂ ਵਿਚ ਨਹੀਂ, ਹਿਰਦੇ ਵਿਚ ਢੂੰਡ ਕੇ ਵੇਖਿਆ। ਕੇਵਲ ਸ਼ਬਦ, ਸਪਰਸ਼, ਰਸ, ਗੰਧ ਹੈ। ਹੋਰ ਕੁਝ ਵੀ ਨਹੀਂ। ਤੇ 'ਰੂਪ’? ਇਹ ਐਵੇਂ ਬਣਾਉਟੀ ਗੱਲ ਹੈ।

੧੫