ਪੰਨਾ:ਬੰਕਿਮ ਬਾਬੂ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਵਾਂਗੀ?

ਕਈ ਵਾਰੀ ਮੈਂ ਆਪਣੀ ਝੌਪੜੀ ਵਿਚ ਬੈਠੀ ਬੈਠੀ ਫੁੱਲਾਂ ਨਾਲ ਛੋਟੇ ਬਾਬੂ ਦੀ ਤਸਵੀਰ ਬਣਾਂਦੀ - ਕਿਹੋ ਜਿਹੀ ਹੁੰਦੀ ਸੀ? ਇਹ ਮੈਂ ਨਹੀਂ ਜਾਣਦੀ। ਕਿਉਂਕਿ ਮੈਂ ਕਦੇ ਉਸ ਨੂੰ ਡਿੱਠਾ ਨਹੀਂ।

ਇਥੇ ਮੇਰੇ ਜਾਣ ਆਉਣ ਦਾ ਇਕ ਅਜੀਬ ਅਸਰ ਹੋ ਰਿਹਾ ਸੀ - ਜਿਸ ਬਾਰੇ ਮੈਂ ਕੁਝ ਵੀ ਨਹੀਂ ਸਾਂ ਜਾਣਦੀ। ਮਾਂ ਪਿਉ ਦੀਆਂ ਗੱਲਾਂ ਕਥਾਂ ਤੋਂ ਇਕ ਦਿਨ ਅਚਾਨਕ ਮੈਨੂੰ ਕੁਝ ਭਿਣਕ ਪੈ ਗਈ। ਇਕ ਦਿਨ ਰਾਤ ਨੂੰ ਮੈਂ ਹਾਰ ਪਰੋਂਦੀ ਰੋਂਦੀ ਸੌਂ ਗਈ। ਉਸ ਤੋਂ ਬਾਅਦ ਹੀ ਕਿਸੇ ਅਵਾਜ਼ ਨਾਲ ਮੇਰੀ ਨੀਂਦਰ ਖੁਲ੍ਹੀ। ਜਾਗਦਿਆਂ ਹੀ ਮਾਂ ਪਿਉ ਦੀਆਂ ਕੁਝ ਗੱਲਾਂ ਕੰਨੀ ਪਈਆਂ। ਸ਼ਾਇਦ ਦੀਵਾ ਬੁਝ ਚੁੱਕਾ ਹੋਵੇਗਾ, ਕਿਉਂਕਿ ਉਨਾਂ ਦੋਹਾਂ ਨੂੰ ਮੇਰੇ ਜਾਗਣ ਦੀ ਖਬਰ ਨਹੀਂ ਸੀ ਹੋਈ। ਮੈਂ ਵੀ ਆਪਣਾ ਨਾਂ ਸੁਣ ਕੇ ਮੀਸਣੀ ਹੋ ਰਹੀ। ਮਾਂ ਪਈ ਕਹਿੰਦੀ ਸੀ - "ਤਾਂ ਤੇ ਇਕ ਤਰ੍ਹਾਂ ਨਾਲ ਗੱਲ ਪੱਕੀ ਈ ਹੋ ਗਈ।"

ਪਿਤਾ ਨੇ ਉੱਤਰ ਦਿੱਤਾ - "ਠੀਕ ਹੈ, ਵੱਡੇ ਆਦਮੀ ਜ਼ਬਾਨ ਕਰ ਕੇ ਮੁੱਕਰਦੇ ਥੋੜੇ ਹੁੰਦੇ ਨੇ, ਤੇ ਰਜਨੀ ਵਿਚ ਵੀ ਤਾਂ ਅੱਖਾਂ ਦੀ ਹੀ ਘਾਟ ਹੈ, ਜੇ ਵਿਚਾਰੀ ਦੀਆਂ ਅੱਖਾਂ ਹੁੰਦੀਆਂ ਤਾਂ ਇੰਦਰ ਦੀਆਂ ਅਪੱਛਰਾਂ ਇਹਦਾ ਪਾਣੀ ਭਰਦੀਆਂ।"

ਮਾਂ -- "ਪਰ ਪਰਾਏ ਨੂੰ ਕੀ ਗਰਜ਼ ਪਈ ਏ?"

੨੩