ਪੰਨਾ:ਰਾਜਾ ਧਿਆਨ ਸਿੰਘ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੜਕ ਸਿੰਘ ਅਖਾਂ ਰਾਹੀਂ ਇਸਤਰੀ ਤੇ ਪੁਤਰ ਦੇ ਦਿਲ ਤਕ ਪੁਚਾ ਦੇਣੀ ਚਾਹੁੰਦਾ ਹੈ ਪਰ ਇਸ ਦੀ ਲੋੜ ਨਹੀਂ ਸੀ, ਉਹ ਬਿਨਾਂ ਦੱਸਣ ਤੋਂ ਸਭ ਕੁਝ ਸਮਝ ਗਏ ਸਨ। ਮਹਾਰਾਜਾ ਖੜਕ ਸਿੰਘ ਦੀ ਇਸ ਦੁਰਦਸ਼ਾ ਦੇ ਪਿਛੋਂ ਕਿਸੇ ਦੇ ਕੁਝ ਕਹਿਣ ਦੀ ਲੋੜ ਨਹੀਂ ਸੀ; ਉਹ ਧਿਆਨ ਸਿੰਘ ਦੇ ਦੁਸਟਪੁਣੇ ਦੀ ਜੀਉਂਦੀ ਜਾਗਦੀ ਤਸਵੀਰ ਸੀ। ਇਸ ਸਮੇਂ ਮਹਾਰਾਜਾ ਨੌਨਿਹਾਲ ਸਿੰਘ ਤੇ ਉਸ ਦੀ ਮਾਤਾ ਦੇ ਹਿਰਦੇ ਵਿਚ ਰਾਜਾ ਧਿਆਨ ਸਿੰਘ ਵਿਰੁਧ ਨਫਰਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ, ਉਨ੍ਹਾਂ ਬੰਨੇ ਤੋੜ ਕੇ ਬਾਹਰ ਨਿਕਲਣ ਤੋਂ ਰੋਕੀ ਰਖਣ ਦਾ ਯਤਨ ਕੀਤਾ, ਕਿਸੇ ਹੋਰ ਸਮੇਂ ਲਈ; ਪਰ ਇਸ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਕੁਝ ਗੱਲਾਂ ਉਨ੍ਹਾਂ ਦੇ ਮੂੰਹੋਂ ਨਿਕਲ ਹੀ ਗਈਆਂ।

ਮਹਾਰਾਜਾ ਖੜਕ ਸਿੰਘ ਦੀ ਹਾਲਤ ਥੋੜੀ ਜਿਹੀ ਸੁਧਰ ਕੇ ਫੇਰ ਖਰਾਬ ਹੋਣ ਲਗੀ। ਉਸ ਦੇ ਹੱਥ ਬੇ-ਹਰਕਤ ਹੋ ਕੇ ਹੇਠ ਡਿਗ ਪਏ, ਅਖਾਂ ਦੀ ਜੋਤੀ ਮਧਮ ਹੋਣ ਲਗੀ ਤੇ ਨਬਜ਼ ਬੰਦ ਹੋ ਗਈ। ਇਸ ਸਮੇਂ ਮਹਾਰਾਜਾ ਖੜਕ ਸਿੰਘ ਦੀ ਇਕ ਨਬਜ਼ ਪਰ ਉਸ ਦੇ ਪੁਤਰ ਤੇ ਦੂਜੇ ਪਰ ਉਸਦੀ ਰਾਣੀ ਦਾ ਹੱਥ ਸੀ। ਨਬਜ਼ ਟੁਟਣ ਦੇ ਨਾਲ ਹੀ ਉਸ ਦੀਆਂ ਅਖਾਂ ਵਿਚ ਵਿਚ ਦੋ ਮੋਟੇ ਮੋਟੇ ਅਥਰੂ ਡਿਗੇ, ਮੂੰਹ ਵਿਚੋਂ ਇਕ ਠੰਡਾ ਹਾਉਕਾ ਨਿਕਲਿਆ ਤੇ ਸ਼ੇਰੇ ਪੰਜਾਬ ਦਾ ਜੇਠਾ ਪੁਤਰ ਤੇ ਪੰਜਾਬ ਦਾ ਵਾਲੀ ਮਹਾਰਾਜਾ ਖੜਕ ਸਿੰਘ ਸਦਾ ਦੀ ਨੀਂਦੇ ਸੌਂ ਗਿਆ, ਜਿਸ ਤੋਂ ਹਾਲਾਂ ਤਕ ਕੋਈ ਉਠਿਆ ਨਹੀਂ। ਉਸ ਦੀ ਰੂਹ ਧਿਆਨ ਸਿੰਘ ਦੇ ਜ਼ੁਲਮ ਦੀ ਮਾਰ ਤੋਂ ਬਹੁਤ ਦੂਰ ਜਾ ਚੁਕੀ ਸੀ।

-੧੩੨-