ਪੰਨਾ:ਰਾਜਾ ਧਿਆਨ ਸਿੰਘ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਖਰੀ ਵਾਰ ਧੜਕ ਕੇ ਆਪਣਾ ਕੰਮ ਖਤਮ ਕਰ ਚੁਕਿਆ ਸੀ। ਪੰਜਾਬ ਦਾ ਸ਼ੇਰ ਹੁਣ ਇਸ ਸੰਸਾਰ ਵਿਚ ਨਹੀਂ ਸੀ। ਸ਼ੇਰ ਪਿੰਜਰਾ ਤੋੜ ਕੇ ਸੁਤੰਤਰ ਵਾਯੂ ਮੰਡਲ ਵਲ ਭਜ ਚੁਕਿਆ ਸੀ ਤੇ ਉਸ ਦਾ ਟੂਟਾ ਭੱਜਾ ਪਿੰਜਰਾ ਸਾਹਮਣੇ ਪਿਆ ਸੀ।

ਜ਼ਾਲਮ ਮੌਤ ਤੂੰ ਕੀ ਏਂ? ਜਿਸ ਦੇ ਅਗ ਸੰਸਾਰ ਦਾ ਕੋਈ ਯੋਧਾ ਭੀ ਨਹੀਂ ਅੜਿਆ। ਉਹ ਸ਼ੇਰੇ ਪੰਜਾਬ ਜਿਸ ਦੀ ਜ਼ਿੰਦਗੀ ਵਿਚ ਕੋਈ ਨਾਢੂ ਖਾਂ ਅਖ ਉਚੀ ਕਰਕੇ ਭੀ ਉਸ ਵਲ ਨਾ ਵੇਖ ਸਕਿਆ, ਉਹ ਸ਼ੇਰੇ ਪੰਜਾਬ ਜਿਸ ਦਾ ਦਬ ਦਬਾ ਇੰਗਲੈਂਡ, ਫਰਾਂਸ ਤੇ ਰੁਸ ਤਕ ਫੈਲਿਆ ਹੋਇਆ ਸੀ, ਉਹ ਸ਼ੇਰੇ ਪੰਜਾਬ ਜਿਸ ਨਾਲ ਮਿਤਰਤਾ ਕਾਇਮ ਕਰਨ ਲਈ ਚੌਥਾਈ ਸੰਸਾਰ ਦਾ ਮਾਲਕ ਅੰਗ੍ਰੇਜ਼ ਤਰਲੇ ਲੈ ਰਿਹਾ ਸੀ, ਉਹ ਸ਼ੇਰੇ ਪੰਜਾਬ ਦਖਣ ਦੇ ਮਰਹੱਟੇ ਜਿਸ ਵਲ ਸਹਾਇਤਾ ਲਈ ਤੱਕਦੇ ਸਨ ਤੇ ਉਹ ਸ਼ੇਰੇ ਪੰਜਾਬ ਕਾਬਲ ਦ ਪਠਾਨ ਜਿਸ ਦੇ ਹੱਥ ਦੀ ਕਠਪੁਤਲੀ ਬਣਕੇ ਰਹਿ ਗਏ ਸਨ, ਮੌਤ ਦੇ ਮੁਕਾਬਲੇ ਵਿਚ ਉਹ ਭੀ ਸਾਧਾਰਣ ਇਨਸਾਨਾਂ ਵਾਂਗ ਦੁਰਬਲ ਸਾਬਤ ਹੋਇਆ। ਕੋਈ ਚੀਜ਼ ਭੀ ਉਸਨੂੰ ਬਚਾ ਨਹੀਂ ਸਕੀ। ਹੁਣ ਉਸ ਦੀ ਲਾਸ਼ ਸਾਹਮਣੇ ਪਲੰਗ ਪਰ ਪਈ ਸੀ ਤੇ ਉਸ ਦੇ ਸ੍ਰਦਾਰ, ਪੁਤਰ ਤੇ ਪੋਤਰੇ ਧਾਹਾਂ ਮਾਰ ਕੇ ਰੋ ਰਹੇ ਸਨ। ਧਿਆਨ ਸਿੰਘ ਦਾ ਰੁਦਨ ਤਾਂ ਪਥਰਾਂ ਨੂੰ ਭੀ ਮੋਮ ਕਰੀ ਜਾਂਦਾ ਸੀ। ਇਉਂ ਮਲੂਮ ਹੁੰਦਾ ਸੀ ਕਿ ਸ਼ੇਰੇ ਪੰਜਾਬ ਦੀ ਮੌਤ ਦਾ ਸਦਮਾਂ ਉਸਨੂੰ ਲੈ ਡੁਬੇਗਾ।

ਹਾਂ, ਪੰਜਾਬ ਦਾ ਸ਼ੇਰ ਚਲਿਆ ਗਿਆ। ਸਿਖ ਰਾਜ ਦਾ ਸੂਰਜ ਅਲੋਪ ਹੋ ਗਿਆ-ਸਦਾ ਲਈ। ਇਸ ਵਿਸ਼ਾਲ ਰਾਜ ਪਰ ਉਹ ਰਾਤ ਆਈ ਜਿਸ ਦੇ ਪਿਛੋਂ ਕਦੇ ਦਿਨ ਨਹੀਂ

-੫੪-