ਪੰਨਾ:ਵਹੁਟੀਆਂ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੩ )

ਮਾਮਲੇ ਨੂੰ ਹੱਦ ਤੋਂ ਵਧ ਵਿਗੜਦਾ ਦੇਖ ਕੇ ਪ੍ਰੀਤਮ ਕੌਰ ਨੇ ਗੁਰਬਖ਼ਸ ਕੌਰ ਨੂੰ ਇਕ ਹੋਰ ਦੁਖਾਂ ਭਰੀ ਚਿੱਠੀ ਲਿਖੀ, ਜਿਸ ਦੇ ਅੰਤ ਵਿਚ ਇਹ ਲਿਖਿਆ ਸੀ-
'ਪਿਆਰੀ ਭੈਣ! ਛੇਤੀ ਆ ਤੇਰੇ ਬਿਨਾਂ ਮੇਰਾ ਕੋਈ ਨਹੀਂ, ਬਹੁਤ ਛੇਤੀ ਮੇਰੇ ਪਾਸ ਪਹੁੰਚ। ਗੁਰਬਖਸ਼ ਕੌਰ ਇਹ ਪੜ੍ਹਕੇ ਉਸੇ ਵੇਲੇ ਘਬਰਾਈ ਹੋਈ ਆਪਣੇ ਪਤੀ ਦੇ ਕਮਰੇ ਵਿਚ ਗਈ। ਉਸ ਦਾ ਪਤੀ ਇਸ ਵੇਲੇ ਦਫਤਰ ਦੇ ਕਮਰੇ ਵਿਚ ਬੈਠਾ ਹਿਸਾਬ ਕਿਤਾਬ ਦੀ ਪੜਤਾਲ ਕਰ ਰਿਹਾ ਸੀ ਅਤੇ ਪਾਸ ਹੀ ਪਿਆਰਾ ਬੱਚਾ ਧਰਮ ਸਿੰਘ ਇਕ ਅੰਗਰੇਜ਼ੀ ਅਖਬਾਰ ਨਾਲ ਖੇਡ ਰਿਹਾ ਸੀ। ਗੁਰਬਖਸ਼ ਕੌਰ ਨੇ ਪਤੀ ਦੇ ਕਮਰੇ ਵਿਚ ਪਹੁੰਚਕੇ ਗਲ ਵਿਚ ਪੱਲਾ ਪਾਕੇ ਅੱਧੀ ਨਿਉਂਕੇ ਆਖਿਆ ਕਿ 'ਹੇ ਪ੍ਰਿਥਵੀ ਪਾਤਸ਼ਾਹ! ਮੈਂ ਆਪ ਨੂੰ ਨਮਸ਼ਕਾਰ ਕਰਦੀ ਹਾਂ।'
ਇਸ ਤੋਂ ਥੋੜਾ ਚਿਰ ਪਹਿਲਾਂ ਹੀ ਇਹਨਾਂ ਦੇ ਘਰ ਵਿਚ ਭੰਡਾਂ ਦਾ ਤਮਾਸ਼ਾ ਹੋਇਆ ਸੀ, ਜਿਸ ਵਿਚ ਇਕ ਭੰਡ ਪਾਤਸ਼ਾਹ ਬਣਿਆ ਸੀ ਅਤੇ ਦੂਜਾ ਫਰਿਆਦੀ। ਉਸ ਫਰਿਆਦੀ ਨੇ ਵੀ ਇਹ ਲਫਜ਼ ਕਹੇ ਸਨ ਜੋ ਇਸ ਵੇਲੇ ਗੁਰਬਖਸ਼ ਕੌਰ ਨੇ ਆਪਣੇ ਪਤੀ ਨੂੰ ਕਹੇ।
ਪਤੀ-(ਹੱਸਕੇ ਅਤੇ ਉਸੇ ਤਮਾਸ਼ੇ ਨੂੰ ਦਿਲ ਵਿਚ ਰੱਖ ਕੇ) ਕੀ ਫੇਰ ਖੀਰੇ ਚੋਰੀ ਹੋ ਗਏ ਹਨ।
ਪਤਨੀ-ਹਜ਼ੂਰ! ਇਸ ਵੇਰੀ ਨਾ ਤਾਂ ਖੀਰੇ ਚੋਰੀ ਹੋ ਗਏ ਹਨ ਅਤੇ ਨਾ ਹੀ ਖਰਬੂਜ਼ੇ। ਇਸ ਵਾਰੀ ਵੱਡੀ ਵਡਮੁਲੀ ਚੀਜ਼ ਦੀ ਚੋਰੀ ਹੋਈ ਹੈ।
ਪਤੀ-ਇਹ ਵਾਰਦਾਤ ਕਿਥੇ ਹੋਈ ਹੈ।