ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਵਿਚ ਸਭਿਆਚਾਰ ਨੂੰ ਪੇਸ਼ ਕਰਨ ਦੀ ਪਹਿਲੀ ਕੋਸ਼ਿਸ਼ ਸ਼ਰਧਾ ਰਾਮ ਫ਼ਲੌਰੀ ਦੀ ਪੁਸਤਕ ਪੰਜਾਬੀ ਬਾਤਚੀਤ ਸਮਝੀ ਜਾਣੀ ਚਾਹੀਦੀ ਹੈ, ਜਿਹੜੀ ਭਾਸ਼ਾ-ਸਿਖਲਾਈ ਨੂੰ ਸਾਧਨ ਬਣਾ ਕੇ ਪੰਜਾਬੀ ਸਭਿਆਚਾਰ ਬਾਰੇ ਗਿਆਨ ਦੇਣ ਦਾ ਯਤਨ ਹੈ। ਇਸ ਤੋਂ ਮਗਰੋਂ ਸੰਗ੍ਰਹਿਆਂ, ਸੰਕਲਨਾਂ ਆਦਿ ਦਾ ਕੰਮ ਸ਼ੁਰੂ ਹੋਇਆ।

ਕੋਈ ਸਮਾਂ ਸੀ ਜਦੋਂ ਪੰਜਾਬੀ ਵਿਚ ਲੋਕ-ਗੀਤ ਇਕੱਠੇ ਕਰਨਾ ਸਭਿਆਚਾਰਕ ਅਧਿਐਨ ਦੇ ਖੇਤਰ ਵਿਚ ਇੱਕੋ ਇੱਕ ਸਰਗਰਮੀ ਸੀ। ਇਸ ਦਾ ਮੋਢੀ, ਬੇਸ਼ਕ, ਦੇਵਿੰਦਰ ਸਤਿਆਰਥੀ ਸੀ। ਵੱਖੋ ਵੱਖਰੇ ਲੋਕਾਂ ਵੱਲੋਂ ਕੀਤੇ ਗਏ ਇਹੋ ਜਿਹੇ ਸੰਗ੍ਰਹਿਆਂ ਦੇ ਜਾਂ ਆਪੋ ਆਪਣੀ ਪਹਿਲ-ਕਦਮੀ ਨਾਲ ਇਕੱਠੇ ਕੀਤੇ ਗਏ ਲੋਕ-ਗੀਤਾਂ ਦੇ ਵਿਸ਼ਲੇਸ਼ਣ ਨਾਲ ਸਭਿਆਚਾਰ ਦੇ ਕੁਝ ਅੰਸ਼ਾਂ (ਚਰਖਾ, ਹਲ, ਗਹਿਣੇ ਮੇਲੇ ਆਦਿ) ਦੇ, ਪਰ ਖ਼ਾਸ ਕਰਕੇ ਮਨੁੱਖੀ ਸੰਬੰਧਾਂ ਦੇ ਕੁਝ ਵਰਨਣ ਅਤੇ ਵਿਆਖਿਆ ਦੀ ਕੋਸ਼ਿਸ਼ ਕੀਤੀ ਗਈ। ਮਗਰੋਂ ਇਹੋ ਜਿਹੀ ਕੋਸ਼ਿਸ਼ ਨੂੰ ਬੁਝਾਰਤਾਂ, ਅਖਾਉਤਾਂ, ਲੋਕ-ਕਹਾਣੀਆਂ ਤੱਕ ਵੀ ਲਿਜਾਇਆ ਗਿਆ। ਇਹੋ ਜਿਹੀ ਸਰਗਰਮੀ ਛੇਵੇਂ ਦਹਾਕੇ ਵਿਚ, ਅਤੇ ਕੁਝ ਸਤਵੇਂ ਦਹਾਕੇ ਵਿਚ ਵੀ ਤੇਜ਼ ਰਹੀ। ਪਰ ਇਹੋ ਜਿਹੇ ਅਧਿਐਨਾਂ ਨੇ ਸਾਡੇ ਸਭਿਆਚਾਰ ਦੀ ਕੋਈ ਗੁੰਦਵੀਂ ਅਤੇ ਮਣਾਵੀਂ ਤਸਵੀਰ ਉਲੀਕਣ ਵਿਚ ਸਹਾਇਤਾ ਕੀਤੀ ਹੋਵੇ, ਇਸ ਬਾਰੇ ਸੰਦੇਹ ਹੀ ਹੈ। ਇਹਨਾਂ ਅਧਿਐਨਾਂ ਦਾ ਬੁਨਿਆਦੀ ਨੁਕਸ ਇਹੀ ਹੈ ਕਿ ਇਹ ਲੋਕ-ਸਾਹਿਤ ਵਿਚਲੇ ਤੱਥ ਨੂੰ ਅੰਤਮ ਅਤੇ ਨਿਰਪੇਖ ਸੱਚ ਵਜੋਂ ਲੈਂਦੇ ਹਨ। ਇਹੋ ਜਿਹੇ ਅਧਿਐਨਾਂ ਦੇ ਲਾਹੇਵੰਦ ਹੋਣ ਲਈ ਇਹ ਗੱਲ ਧਿਆਨ ਵਿਚ ਰੱਖੀ ਜਾਣੀ ਜ਼ਰੂਰੀ ਹੁੰਦੀ ਹੈ ਕਿ ਸਾਹਿਤ, ਅਤੇ ਇਸ ਵਿਚ ਲੋਕ-ਸਾਹਿਤ ਵੀ ਸ਼ਾਮਲ ਹੈ, ਤੱਥ ਨੂੰ ਬਿੰਬ ਅਤੇ ਸੰਕਲਪ ਦੀ ਪੱਧਰ ਉੱਤੇ ਪੇਸ਼ ਕਰਦਾ ਹੈ, ਜਿਨ੍ਹਾਂ ਵਿਚੋਂ ਤੱਥ ਪਛਾਨਣਾ ਪੈਂਦਾ ਹੈ। ਦੂਜੀ ਗੱਲ, ਇਸ ਤੱਥ ਨੂੰ ਸਮੇਂ ਅਤੇ ਸਥਾਨ ਦੀਆਂ ਸੀਮਾਂ ਵਿਚ ਸਥਾਪਤ ਕਰਨਾ ਪੈਂਦਾ ਹੈ, ਨਹੀਂ ਤਾਂ ਇਹ ਅਰਥ ਨਹੀਂ ਦੇਵੇਗਾ। ਤੀਜੀ ਗੱਲ, ਇਸ ਤੱਥ ਦੀ ਵੀ ਪ੍ਰਮਾਣਿਕਤਾ ਨੂੰ ਪਰਖਣ ਦੀ ਲੋੜ ਹੁੰਦੀ ਹੈ, ਜਿਹੜੀ ਗੱਲ ਕਿ ਸਮਾਜ-ਵਿਗਿਆਨ ਵਿਚ ਹੋਏ ਕੰਮ ਦੇ ਨਿਸਚਿਤ ਪੜਾਅ ਦੀ ਅਤੇ ਉਸ ਬਾਰੇ ਗਿਆਨ ਦੀ ਮੰਗ ਕਰਦੀ ਹੈ। ਅਤੇ ਇਸ ਗੱਲ ਦੀ ਸਾਡੇ ਕੋਲ ਅਜੇ ਵੀ ਘਾਟ ਹੈ।

ਇਹੀ ਘਾਟ ਸਾਡੇ ਸਭਿਆਚਾਰ ਬਾਰੇ ਹੋਏ ਅਧਿਐਨਾਂ ਵਿਚ ਵੀ ਰੜਕਦੀ ਹੈ। ਨਹੀਂ ਤਾਂ ਪੰਜਾਬੀ ਵਿਚ ਸਭਿਆਚਾਰ ਬਾਰੇ ਮਿਲਦੇ ਕੰਮ ਵਿਚ ਸ਼ੁਰੂ ਤੋਂ ਹੀ ਇਸ ਨੂੰ ਕਾਫ਼ੀ ਵਿਸ਼ਾਲ ਸੰਕਲਪ ਵਜੋਂ ਲਿਆ ਜਾਂਦਾ ਰਿਹਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਵਿਕਸਤ ਸ਼ਖ਼ਸੀਅਤ ਅਤੇ ਸਰਬੰਗੀ ਗਿਆਨ ਨੂੰ ਸਭਿਆਚਾਰ ਦੇ ਮਾਪ ਵਜੋਂ ਪੇਸ਼ ਕੀਤਾ। ਪੰਜਾਬੀ ਸਭਿਆਚਾਰ ਬਾਰੇ ਮਿਲਦੀਆਂ ਪਹਿਲੀਆਂ ਪੁਸਤਕਾਂ (ਅਸ਼ੋਕ, ਅਮੋਲ, ਸੂਬਾ ਸਿੰਘ, ਹਰਚਰਨ ਸਿੰਘ) ਵਿਚ ਇਸ ਨੂੰ ਇਸ ਦੇ ਕੁਝ ਪਸਾਰਾਂ ਵਿਚ ਦੇਖਿਆ ਗਿਆ ਹੈ―ਭੂਗੋਲ, ਇਤਿਹਾਸ, ਭਾਸ਼ਾ, ਸਾਹਿਤ, ਰਹੁ-ਰੀਤਾਂ, ਦਿਨ-ਦਿਹਾਰ, ਵਹਿਮ ਭਰਮ, ਜਾਤਾਂ ਗੋਤਾਂ ਆਦਿ। ਜ਼ੋਰ ਫਿਰ ਵੀ ਲੋਕਯਾਨਕ ਸਮੱਗਰੀ ਉੱਤੇ ਹੈ, ਪਰ ਅਧਿਐਨ ਖੇਤਰ ਨੂੰ

98