ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਮਿਤ ਕਰ ਕੇ ਨਹੀਂ ਵੇਖਿਆ ਗਿਆ ― ਇਹ ਚੰਗੀ ਗੱਲ ਹੈ। ਤਾਂ ਵੀ ਇਹ ਅਧਿਐਨ ਸਭਿਆਚਾਰ ਦੇ ਲੋਕਯਾਨ ਨੂੰ ਹੀ ਪੇਸ਼ ਕਰਦੇ ਹਨ, ਕਿਉਂਕਿ ਇਹ ਪੰਜਾਬੀ ਸਭਿਆਚਾਰ ਬਾਰੇ ਨਿੱਜੀ ਰਾਵਾਂ ਅਤੇ ਪਰਚੱਲਤ ਵਿਸ਼ਵਾਸਾਂ ਨੂੰ ਆਧਾਰ ਬਣਾਉਂਦੇ ਹਨ। ਖੋਜ ਦੀ ਪੱਧਰ ਉਤੇ ਮਿਲਦੀ ਓਨੀ ਕੁ ਸਮੱਗਰੀ ਨੂੰ ਵੀ ਨਹੀਂ ਵਰਤਿਆ ਗਿਆ, ਜਿੰਨੀ ਕੁ ਕਿ ਇਹ ਉਪਲਬਧ ਹੈ। ਅੱਜ ਵੀ ਪੰਜਾਬੀ ਸਭਿਆਚਾਰ ਬਾਰੇ ਲਿਖੀਆਂ ਜਾ ਰਹੀਆਂ ਪੁਸਤਕਾਂ ਵਿਚ ਇਹ ਦੋਵੇਂ ਪੱਖ ਭਾਰੂ ਹਨ।

ਗਿਆਨੀ ਗੁਰਦਿੱਤ ਸਿੰਘ ਨੇ ਮੇਰਾ ਪਿੰਡ ਵਿਚ ਅਤੇ ਸੁਹਿੰਦਰ ਸਿੰਘ ਵਣਜਾਰਾ ਬੇਦੀ ਨੇ ਮੇਰਾ ਨਾਨਕਾ ਪਿੰਡ ਵਿਚ ਲੋਕਯਾਨਿਕ ਸਾਮਿਗਰੀ ਨੂੰ ਨਵੇਂ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ, ਜੋ ਕਿ ਵਧੇਰੇ ਰੌਚਿਕ ਹੈ, ਵਧੇਰੇ ਵਿਗਿਆਨਕ ਨਹੀਂ। ਸੂਬਾ ਸਿੰਘ ਦੀ ਪੁਸਤਕ ਅਲੋਪ ਹੋ ਰਹੇ ਚੇਟਕ ਅਤੇ ਹਰਿੰਦਰ ਸਿੰਘ ਰੂਪ ਦੀ ਚੁੰਜਾਂ ਪਉਂਚੇ ਬੀਤੇ ਦੇ ਲੋਕ-ਜੀਵਨ ਨਾਲ ਸੰਬੰਧਤ ਕੁਝ ਗੱਲਾਂ ਸਾਂਭ ਕੇ ਰੱਖਣ ਦਾ ਚੰਗਾ ਯਤਨ ਹਨ। ਸਰਵਣ ਸਿੰਘ ਦੀ ਪੁਸਤਕ ਪਿੰਡ ਦੀ ਸੱਥ 'ਚੋਂ ਪਿੰਡਾਂ ਦੇ ਜੀਵਨ ਨੂੰ ਬਦਲਦੇ ਆਰਥਕ ਸੰਦਰਭ ਵਿਚ ਦੇਖਣ ਦਾ ਵਧੀਆ ਯਤਨ ਹੈ। ਇਹੋ ਜਿਹੀਆਂ ਪੁਸਤਕਾਂ ਸਭਿਆਚਾਰਕ ਪਰਿਵਰਤਨ ਦੇ ਅਧਿਐਨ ਲਈ ਦਸਤਾਵੇਜ਼ੀ ਮਹੱਤਾ ਰੱਖਦੀਆਂ ਹਨ।

ਰਾਜਜੀ ਸਾਮਿਗਰੀ ਨੂੰ ਆਧਾਰ ਬਣਾਉਂਦਿਆਂ ਸੋਹਨ ਸਿੰਘ ਜੋਸ਼ ਨੇ ਆਪਣੀ ਪੁਸਤਕ ਅਕਾਲੀ ਮੋਰਚਿਆਂ ਦਾ ਇਤਿਹਾਸ ਵਿਚ ਸਮਕਾਲੀ ਸਭਿਆਚਾਰਕ ਦ੍ਰਿਸ਼ ਨੂੰ ਵੀ ਪੇਸ਼ ਕਰਨ ਦਾ ਸੁਚੇਤ ਯਤਨ ਕੀਤਾ ਹੈ। ਇਸ ਪੱਖੋਂ ਸ਼ਮਸ਼ੇਰ ਸਿੰਘ ਅਸ਼ੋਕ ਦੀ ਪੁਸਤਕ ਪੰਜਾਬ ਦੀਆਂ ਲਹਿਰਾਂ ਵੀ ਧਿਆਨ ਮੰਗਦੀ ਹੈ।

ਭਾਸ਼ਾ, ਇਤਿਹਾਸ ਅਤੇ ਸਾਹਿਤ ਦੇ ਗਿਆਨ ਨੂੰ ਵਰਤਦਿਆਂ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਆਪਣੀ ਪੁਸਤਕ ਪੰਜਾਬ ਤੇ ਪੰਜਾਬੀ ਉੱਤੇ ਬਦੇਸ਼ੀ ਪ੍ਰਭਾਵ ਵਿਚ ਸਭਿਆਚਾਰੀਕਰਨ ਦੇ ਅਮਲ ਨੂੰ ਬੜੀ ਸੁਚੱਜੀ ਤਰ੍ਹਾਂ ਪੇਸ਼ ਕੀਤਾ ਹੈ। ਸਿਰਫ਼ ਬੇਹੱਦ ਸੰਖੇਪ ਹੋਣ ਕਾਰਨ, ਕੁਝ ਖੱਪੇ ਪ੍ਰਤੱਖ ਦਿੱਸਦੇ ਹਨ। ਪ੍ਰੋਫ਼ੈਸਰ ਪ੍ਰੇਮ ਪ੍ਰਕਾਸ਼ ਸਿੰਘ ਹੋਰਾਂ ਦਾ ਵਿਸਤ੍ਰਿਤ ਲੇਖ 'ਪੰਜਾਬੀ ਸਭਿਆਚਾਰ ਦੇ ਸਰੋਤ'8 ਅਸਲ ਵਿਚ ਪੰਜਾਬੀ ਸਭਿਆਚਾਰ ਦੇ ਅਧਿਐਨ ਦੇ ਸ੍ਰੋਤਾਂ ਨੂੰ ਹੀ ਪੇਸ਼ ਕਰਦਾ ਹੈ।

ਪੰਜਾਬ ਸਿਰਲੇਖ ਹੇਠ ਡਾ. ਮਹਿੰਦਰ ਸਿੰਘ ਰਧਾਵਾ ਅਤੇ ਡਾ. ਗੰਡਾ ਸਿੰਘ ਵੱਲੋਂ ਸੰਪਾਦਤ ਪੁਸਤਕਾਂ ਪੰਜਾਬੀ ਸਭਿਆਚਾਰ ਦੇ ਅਧਿਐਨ ਵਿਚ ਕੀਤੇ ਗਏ ਪ੍ਰਮਾਣਿਕ ਯਤਨ ਹਨ। ਡਾ. ਰੰਧਾਵਾ ਦੀ ਪੁਸਤਕ ਵਿਚਲੇ ਲੇਖਾਂ ਦੀ ਆਧਾਰ-ਸਾਮਿਗਰੀ ਲੋਕਯਾਨ, ਲੋਕ-ਕਲਾਵਾਂ, ਚਿਤ੍ਰਕਾਰੀ, ਸਾਹਿਤ ਅਤੇ ਭਾਸ਼ਾ ਹੈ, ਅਤੇ ਡਾ. ਗੰਡਾ ਸਿੰਘ ਵਾਲੀ ਪੁਸਤਕ ਦੀ ਆਧਾਰ-ਸਾਮਿਗਰੀ ਇਤਿਹਾਸ, ਰਾਜਨੀਤੀ, ਧਾਰਮਿਕ ਲਹਿਰਾਂ, ਆਰਥਿਕ ਅਤੇ ਵਿਦਿਅਕ ਖੇਤਰ, ਆਦਿ ਤੋਂ ਲਈ ਗਈ ਹੈ। ਦੋਵੇਂ ਪੁਸਤਕਾਂ ਇਕ ਦੂਜੀ ਦੀਆਂ ਪੂਰਕ ਹਨ।

99