ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
1

―――

ਸਭਿਆਚਾਰ
ਪ੍ਰਕਿਰਤੀ ਅਤੇ ਪਰਿਭਾਸ਼ਾ

ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਕੁਝ ਲੋਕ ਆਪਣੇ ਚਿਹਰੇ ਉਤੇ ਬੜੇ ਸ੍ਵੈ-ਉੱਚਤਾ ਦੇ ਭਾਵ ਲਿਆ ਕੇ, ਇਹ ਸਵਾਲ ਕਰਦੇ ਸਨ ਕਿ "ਕੀ ਪੰਜਾਬੀਆਂ ਦਾ ਕੋਈ ਸਭਿਆਚਾਰ ਹੈ?" ਅਤੇ ਸ੍ਵੈ -ਸੰਤੁਸ਼ਟਤਾ ਨਾਲ ਆਪੇ ਹੀ ਜਵਾਬ ਦੇ ਲੈਂਦੇ ਸਨ― "ਕੋਈ ਨਹੀਂ।" ਜਾਂ ਫਿਰ, ਜਿਹੜੇ ਆਪਣੇ ਆਪ ਨੂੰ ਬੁੱਧੀ-ਬਿਲਾਸ ਵਿਚ ਪ੍ਰਬੀਨ ਦੱਸਣਾ ਚਾਹੁੰਦੇ ਸਨ, ਉਹ ਇਸ ਦੇ ਅੰਗਰੇਜ਼ੀ ਸਮ-ਅਰਥਕ ਸ਼ਬਦ 'ਕਲਚਰ' ਦੇ ਨਾਲ ਖੇਡ ਕਰਦੇ ਹੋਏ ਕਹਿ ਦੇਂਦੇ ਸਨ "ਹਾਂ, ਹੈ। ਐਗਰੀਕਲਚਰ।" ਜੇ ਇਹ ਉੱਤਰ ਗੰਭੀਰ ਹੋਵੇ, ਤਾਂ ਇਸ ਦੇ ਫਿਰ ਵੀ ਕੁਝ ਅਰਥ ਨਿਕਲ ਸਕਦੇ ਹਨ। ਪਰ ਜਿਸ ਤਰ੍ਹਾਂ ਨਾਲ ਇਹ ਉੱਤਰ ਦਿੱਤਾ ਜਾਂਦਾ ਸੀ, ਉਸ ਦਾ ਅਰਥ ਇਹੀ ਨਿਕਲਦਾ ਸੀ ਕਿ "ਇਹ ਹਲਾਂ ਅੱਗੇ ਜੁੱਟੇ ਢੱਗੇ, ਇਹਨਾਂ ਨੂੰ ਕੀ ਪਤਾ ਸਭਿਆਚਾਰ ਕਿਸ ਬਲਾ ਦਾ ਨਾਂ ਹੈ?" ਅਜੇ ਵੀ ਇਸ ਤਰ੍ਹਾਂ ਦੀ ਸੋਚਣੀ ਵਾਲੇ ਲੋਕ ਮੌਜੂਦ ਹਨ, ਭਾਵੇਂ ਪਹਿਲਾਂ ਜਿੰਨੇ ਨਹੀਂ।

ਅੱਜ ਇਹ ਦੱਸਣ ਦੀ ਲੋੜ ਨਹੀਂ ਕਿ ਨਾ ਸਿਰਫ਼ ਪੰਜਾਬੀਆਂ ਦੇ ਸੰਬੰਧ ਵਿਚ ਹੀ, ਸਗੋਂ ਕਿਸੇ ਵੀ ਮਨੁੱਖਾ ਸਮੂਹ ਦੇ ਸੰਬੰਧ ਵਿਚ, ਭਾਵੇਂ ਉਹ ਆਸਟਰੇਲੀਆ ਦਾ ਮੂਲ-ਮਾਨਵ ਹੀ ਕਿਉਂ ਨਾ ਹੋਵੇ, ਉਪਰੋਕਤ ਸਵਾਲ, ਸਵਾਲ ਕਰਨ ਵਾਲੇ ਦੀ ਘੋਰ ਅਗਿਆਨਤਾ ਦਾ ਸੂਚਕ ਹੈ, ਅਤੇ ਜਵਾਬ ਉਸ ਤੋਂ ਵੀ ਵੱਧ।

ਸਭਿਆਚਾਰਹੀਣ ਕੌਮਾਂ ਜਾਂ ਜਨ-ਸਮੂਹਾਂ ਦਾ ਸੰਕਲਪ ਬੀਤੇ ਦਾ ਵਿਰਸਾ ਹੈ, ਜਦੋਂ ਹਾਕਮ ਕੌਮਾਂ ਨੇ ਆਪਣੀਆਂ ਅਧੀਨ ਕੌਮਾਂ ਨਾਲੋਂ ਉੱਚਤਾ ਦਿਖਾਉਣੀ ਹੁੰਦੀ ਸੀ। ਸਾਮਰਾਜ ਨੇ ਤਾਂ ਆਪਣੀ ਲੁੱਟ-ਖੋਹ ਨੂੰ ਚੰਗੇਰੀ ਦੇਖ ਦੇਣ ਲਈ ਇਹ ਐਲਾਨ ਕੀਤਾ ਕਿ ਉਹ ਅਧੀਨ ਕੀਤੀਆਂ ਕੰਮਾਂ ਨੂੰ ਸਭਯ ਬਣਾਉਣ ਦਾ, ਜਾਂ ਉਹਨਾਂ ਨੂੰ ਸਭਿਆਚਾਰ ਸਿਖਾਉਣ ਦਾ ਮਿਸ਼ਨ ਪੂਰਾ ਕਰ ਰਿਹਾ ਹੈ। ਇਸ ਦਾ ਭਾਵ ਸੀ ਕਿ ਇਹਨਾਂ ਕੌਮਾਂ ਕੋਲ ਨਾ ਕੋਈ ਆਪਣੀ ਸਭਿਅਤਾ ਹੈ, ਨਾ ਸਭਿਆਚਾਰ। ਸਾਮਰਾਜੀਆਂ ਦਾ ਦੰਭ ਇਹ ਸੀ ਕਿ ਉਹ ਅਧੀਨ ਕੰਮਾਂ ਦੀਆਂ ਸਭਿਆਚਾਰਕ ਸਿਰਜਨਾਵਾਂ―ਹੱਥ-ਲਿਖਤਾਂ, ਚਿੱਤਰਾਂ, ਬੁੱਤ-ਕਲਾ, ਅਤੇ ਲੋਕ-ਕਲਾ ਦੇ ਸ਼ਾਹਕਾਰਾਂ ਆਦਿ―ਨੂੰ ਲੁੱਟ ਕੇ ਪਿੱਛੇ ਆਪਣੇ ਦੇਸਾਂ ਵਿਚ ਲਿਜਾ

9