ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ, ਸਗੋਂ ਪੂਰਵ-ਇਤਿਹਾਸ ਵਿਚ ਵੀ ਦੇਖੇ ਜਾ ਸਕਦੇ ਹਨ।

ਉਪ੍ਰੋਕਤ ਦੇ ਚਾਨਣ ਵਿਚ ਪੰਜਾਬੀ ਸਭਿਆਚਾਰ ਦੇ ਮੂਲ ਸੋਮਿਆਂ ਵਿਚ ਉਹ ਸਾਰਾ ਕੁਝ ਆ ਜਾਏਗਾ, ਜਿਸ ਨੇ ਇਸ ਨੂੰ ਘੜਣ ਵਿਚ, ਕਾਇਮ ਰੱਖਣ ਵਿੱਚ ਅਤੇ ਅੱਗੇ ਵਧਾਉਣ ਵਿਚ ਹਿੱਸਾ ਪਾਇਆ ਹੈ। ਇਸ ਵਿਚ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਸਭਿਆਚਾਰ ਨੇ ਆਪਣੇ ਇਤਿਹਾਸ ਦੇ ਦੌਰਾਨ, ਅਤੇ ਉਹਨਾਂ ਸਭਿਆਚਾਰਾਂ ਦੇ ਇਤਿਹਾਸ ਦੇ ਦੌਰਾਨ, ਜਿਨ੍ਹਾਂ ਦਾ ਇਹ ਵਾਰਿਸ ਹੈ, ਕਿਹੜੇ ਕਿਹੜੇ ਅੰਸ਼ ਕਿਸ ਕਿਸ ਸੋਮੇ ਤੋਂ ਲਏ ਹਨ। ਇਹਨਾਂ ਸੋਮਿਆਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ:

1. ਸਥਾਨਕ: ਸਭਿਆਚਾਰ ਦੀ ਆਪਣੀ ਹੋਂਦ ਦੇ ਅਮਲ, ਭੂਗੋਲਿਕ ਸਥਿਤੀ, ਲੋਕਯਾਨ।

2. ਭਾਰਤੀ: ਜਿਸ ਵਿਚ ਉਹ ਸਾਰਾ ਕੁਝ ਆ ਜਾਏਗਾ,, ਜੋ ਕੁਝ ਪੰਜਾਬੀ ਸਭਿਆਚਾਰ ਨੇ ਆਪਣੇ ਵਡੇਰੇ ਸਹ, ਭਾਰਤੀ ਚੁਗਿਰਦੇ ਤੋਂ ਲਿਆ ਹੈ। ਇਸ ਵਿਚ ਪੰਜਾਬੀ ਸਭਿਆਚਾਰ ਤੋਂ ਪਹਿਲਾਂ ਦੇ ਸਭਿਆਚਾਰ ਵੀ ਆ ਜਾਣਗੇ।

3. ਬਦੇਸ਼ੀ: ਜਿਹੜੇ ਅੰਸ਼-ਪਸਾਰ ਜਾਂ ਸਭਿਆਚਾਰੀਕਰਨ ਰਾਹੀਂ ਪੰਜਾਬੀ ਸਭਿਆਚਾਰ ਵਿਚ ਸ਼ਾਮਲ ਹੋਏ ਹਨ।

1. ਸਥਾਨਕ ਸੋਮੇ:

(ਉ) ਕਿਸੇ ਵੀ ਸਭਿਆਚਾਰ ਦਾ ਇਕ ਬਨਿਆਦੀ ਸੋਮਾ ਉਸ ਦੀ ਆਪਣੀ ਹੋਂਦ ਹੁੰਦਾ ਹੈ। ਹਰ ਜਿਉਂਦਾ-ਜਾਗਦਾ ਸਭਿਆਚਾਰ ਆਪਣੇ ਹੀ ਅੰਸ਼ਾਂ ਨੂੰ ਨਵਿਆਉਂਦਾ, ਆਪਣੇ ਹੀ ਅੰਸ਼ਾਂ ਤੋਂ ਨਵੇਂ ਅੰਸ਼ ਸਿਰਜਦਾ, ਅਤੇ ਅਣਚਾਹੇ ਅੰਸ਼ਾਂ ਨੂੰ ਰੱਦਦਾ ਰਹਿੰਦਾ ਹੈ। ਇਹ ਇਸ ਦੇ ਜੀਵਤ ਹੋਣ ਦਾ ਸਿੱਟਾ ਵੀ ਹੁੰਦਾ ਹੈ, ਅਤੇ ਸਬੂਤ ਵੀ। ਚਿੰਤਨ ਵਿਚ ਪੈਦਾ ਹੋਇਆ ਹੋਰ ਨਵਾਂ ਖ਼ਿਆਲ ਅਗਲੇ ਖ਼ਿਆਲ ਨੂੰ ਉਤੇਜਿਤ ਕਰਦਾ, ਉਸ ਲਈ ਸਮੇ ਦਾ ਕੰਮ ਦੇਦਾ ਹੈ। ਸਾਹਿਤ ਵਿਚ ਆਇਆ ਹਰ ਨਵਾਂ ਅੰਸ਼ ਅਗਲੀਆਂ ਕਿਰਤਾਂ ਵਿਚ ਥਾਂ ਬਣਾ ਲੈਂਦਾ ਹੈ। ਅਸੀਂ ਪਹਿਲਾਂ ਦੱਸ ਆਏ ਹਾਂ ਕਿ ਪਦਾਰਥਕ ਸਭਿਆਚਾਰ ਵਿਚ ਕਾਢਾਂ ਦੇ ਪਿੱਛੇ ਉਸ ਸਭਿਆਚਾਰ ਦਾ ਆਪਣਾ ਸੰਚਿਤ ਗਿਆਨ ਕੰਮ ਕਰ ਰਿਹਾ ਹੁੰਦਾ ਹੈ। ਹਰ ਨਵੇਂ ਸਭਿਆਚਾਰਕ ਅੰਸ਼ ਨੂੰ ਪ੍ਰਗਟ ਕਰਨ ਲਈ ਭਾਸ਼ਾ ਵੀ ਸਾਰੇ ਹੀ ਸ਼ਬਦ ਬਾਹਰੋਂ ਨਹੀਂ ਲੈਂਦੀ, ਸਗੋਂ ਸਭ ਤੋਂ ਪਹਿਲਾਂ ਆਪਣੇ ਹੀ ਸ਼ਬਦ-ਭੰਡਾਰ ਨੂੰ ਫੋਲਣ, ਵਰਤਣ ਅਤੇ ਨਵੇਂ ਅਰਥ ਦੇਣ ਦਾ ਯਤਨ ਕਰਦੀ ਹੈ। ਗੁਰਬਖ਼ਸ਼ ਸਿੰਘ ਪ੍ਰੀਤ ਲੜੀ' ਨੇ ਬਹੁਤ ਸਾਰੇ ਨਵੇਂ ਵਿਚਾਰ ਅਤੇ ਸਭਿਆਚਾਰਕ ਅੰਸ਼ ਪੰਜਾਬੀ ਵਿਚ ਲਿਆਂਦੇ। ਪਰ ਉਹਨਾਂ ਨੂੰ ਪ੍ਰਗਟ ਕਰਨ ਲਈ ਉਸ ਨੇ ਆਪਣੀ ਹੀ ਭਾਸ਼ਾ ਦੇ ਸ਼ਬਦ-ਭੰਡਾਰ ਨੂੰ ਮਾਂਜਿਆ, ਸੰਵਾਰਿਆ ਅਤੇ ਵਰਤਿਆ, ਜਿਸ ਕਰਕੇ ਉਸ ਦੇ ਅਤੇ ਉਸ ਦੇ ਪਾਠਕਾਂ ਦੇ

121