ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਉਹਨਾਂ ਦੇ ਲਾਭਕਾਰੀ ਹੋਣ ਜਾਂ ਨਾ ਹੋਣ ਬਾਰੇ ਸੋਚਦੇ ਹੀ ਨਹੀਂ (ਅਤਾਰਕਿਕ')।8 ਪਰ ਇਸ ਪਰਿਭਾਸ਼ਾ ਵਿਚ ਜਿਹੜਾ ਨਵਾਂ ਪਾਸਾਰ ਮਿਲਦਾ ਹੈ, ਉਹ ਇਤਿਹਾਸਕਤਾ ਦਾ ਹੈ, ਜਿਹੜਾ ਦੋ ਤਰ੍ਹਾਂ ਨਾਲ ਪ੍ਰਗਟ ਹੁੰਦਾ ਹੈ: 'ਇਤਿਹਾਸਕ ਤੌਰ ਉਤੇ ਸਿਰਜੇ ਗਏ' (ਨਿਰੰਤਰਤਾ) ਅਤੇ 'ਨਿਸਚਿਤ ਸਮੇਂ ਹੋਂਦ ਰੱਖਦੇ' (ਸਾਮਿਅਕਤਾ)। ਜਿਸ ਦਾ ਅਰਥ ਇਹ ਹੈ ਕਿ ਇਹ ਡੀਜ਼ਾਈਨ ਇਤਿਹਾਸ ਦੀ ਉਪਜ ਹਨ, ਪਰ ਦੋ ਵੱਖ ਵੱਖ ਇਤਿਹਾਸਕ ਸਮਿਆਂ ਵਿਚ ਇਹ ਵੱਖ ਵੱਖ ਹੋਣਗੇ, ਭਾਵ ਇਹ ਬਦਲਦੇ ਰਹਿੰਦੇ ਹਨ।

ਇਹ ਪਰਿਭਾਸ਼ਾ ਇਤਿਹਾਸਕਤਾ ਦੇ ਅੰਸ਼ ਉਤੇ ਜ਼ੋਰ ਦੇਂਦੀ ਹੈ ਅਤੇ ਇਸ ਦੇ ਦੋ ਪੱਖਾਂ―ਨਿਰੰਤਰ ਅਤੇ ਸਾਮਿਅਕ―ਨੂੰ ਨਿਖੇਖੜੀ ਹੈ। ਪਰ ਕੀ ਸਭਿਆਚਾਰ ਵਿਚ ਆਈ ਹਰ ਤਬਦੀਲੀ ਹੀ ਇਤਿਹਾਸਕਤਾ ਦੇ ਪੱਖੋਂ ਮੂਲ ਮਹੱਤਤਾ ਵਾਲੀ ਹੁੰਦੀ ਹੈ? ਜਿਸ 'ਨਿਸ਼ਚਿਤ ਸਮੇਂ' ਦਾ ਇਸ ਪਰਿਭਾਸ਼ਾ ਵਿਚ ਸੰਕੇਤ ਮਿਲਦਾ ਹੈ, ਉਸ ਦਾ ਮਾਪ ਕੀ ਹੈ―ਕੋਈ ਘੜੀ-ਪਲ ਜਾਂ ਕੋਈ ਯੁੱਗ? ਦੂਜੇ ਸ਼ਬਦਾਂ ਵਿਚ, ਇਸ ਇਤਿਹਾਸਕਤਾ ਵਿਚ ਨਿਰੰਤਰਤਾ ਅਤੇ ਸਾਮਿਅਕਤਾ ਦਾ ਕੀ ਪ੍ਰਸਪਰ ਸੰਬੰਧ ਹੈ? ਇਹਨਾਂ ਪ੍ਰਸ਼ਨਾਂ ਦੇ ਉੱਤਰ ਇਸ ਪਰਿਭਾਸ਼ਾ ਵਿੱਚੋਂ ਨਹੀਂ ਮਿਲਦੇ।

ਜੇ ਕਰੋਬਰ ਅਤੇ ਕਲੱਕਹਨ ਦੀ ਪਹਿਲਾਂ ਦਿੱਤੀ ਜਾ ਚੁੱਕੀ ਪਰਿਭਾਸ਼ਾ ਦਾ ਅਗਲਾ ਹਿੱਸਾ ਵੀ ਨਾਲ ਮਿਲਾ ਲਈਏ ਤਾਂ ਉਹ ਵੀ ਇਸ ਇਤਿਹਾਸਕਤਾ ਨੂੰ ਪਰੰਪਰਾ ਦੇ ਰੂਪ ਵਿਚ ਦੇਖਦੇ ਹੋਏ ਇਸ ਨੂੰ ਕਦਰਾਂ-ਕੀਮਤਾਂ ਨਾਲ ਜੋੜ ਦੇਂਦੇ ਹਨ:

ਸਭਿਆਚਾਰ ਦੇ ਮੂਲ ਕੇਂਦਰਿਕ ਵਿਚ ਪ੍ਰੰਪਰਾਈ (ਭਾਵ, ਇਤਿਹਾਸਕ ਤੌਰ ਉਤੇ ਪ੍ਰਾਪਤ ਹੋਏ ਅਤੇ ਚੁਣੇ) ਵਿਚਾਰ ਅਤੇ ਖ਼ਾਸ ਕਰਕੇ ਉਹਨਾਂ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਸ਼ਾਮਲ ਹੁੰਦੀਆਂ ਹਨ।9

ਇਸ ਪਰਿਭਾਸ਼ਾ ਵਿਚ ਵੀ ਇਤਿਹਾਸਕਤਾ ਵੱਲ ਸੰਕੇਤ ਅਨਿਸ਼ਚਿਤ ਅਤੇ ਅਸਪਸ਼ਟ ਹੈ। ਉਦਾਹਰਣ ਵਜੋਂ, ਇਹ ਪੁੱਛਿਆ ਜਾ ਸਕਦਾ ਹੈ ਕਿ ਵਿਚਾਰ 'ਕੌਣ', 'ਕਦੋਂ', 'ਕਿਉਂ' ਅਤੇ 'ਕਿਵੇਂ' ਪ੍ਰਾਪਤ ਕਰਦਾ ਅਤੇ ਚੁਣਦਾ ਹੈ? ਅਤੇ ਜੇ ਅਸੀਂ 'ਕੌਣ', ਦਾ ਜਵਾਬ ਮੰਨ ਵੀ ਲਈਏ ਕਿ ਸਭਿਆਚਾਰ ਨਾਲ ਸੰਬੰਧਤ ਹੋਣ ਕਰਕੇ ਸਪੱਸ਼ਟ ਹੀ ਹੈ ਕਿ ਇਹ ਨਿਸਚਿਤ ਸਮਾਜ ਹੀ ਹੋਵੇਗਾ, ਤਾਂ ਵੀ ਇਹ ਸਵਾਲ ਰਹਿ ਜਾਂਦਾ ਹੈ ਕਿ ਸਮਾਜ ਕਿਹੜਾ? ਕੋਈ ਸਰਬ-ਕਾਲੀ ਭਾਵਵਾਚੀ ਸਮਾਜ? ਜਾਂ ਕਿ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਵਿਚ ਹੋਂਦ ਰੱਖਦਾ ਕੋਈ ਠੋਸ ਸਮਾਜ? ਸਮਾਜ ਦਾ ਸਰਬ-ਕਾਲੀ ਭਾਵਵਾਚੀ ਸੰਕਲਪ ਸਭਿਆਚਾਰ ਦੇ ਭਾਵਵਾਚੀ ਸੰਕਲਪ ਨੂੰ ਹੀ ਜਨਮ ਦੇ ਸਕਦਾ ਹੈ। ਇਤਿਹਾਸਕਤਾ ਦਾ ਨਿਸਚਿਤ ਅਤੇ ਠੋਸ ਅਰਥ ਤਾਂ ਹੀ ਨਿਕਲਦਾ ਹੈ ਜੇ ਸਮਾਜ ਵਿਚਲੀ ਨਿਰੰਤਰਤਾ ਨੂੰ, ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਵਿਚ ਰਖ ਕੇ ਦੇਖਿਆ ਜਾਏ। ਇਸ ਤਰ੍ਹਾਂ ਨਾਲ ਸਮਾਜਕ ਵਿਕਾਸ ਦੇ ਪੜਾਅ ਨਿਸਚਿਤ ਕੀਤੇ ਜਾ ਸਕਦੇ ਹਨ, ਅਤੇ ਹਰ ਪੜਾਅ ਉਤੇ

21