ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
3.

―――

ਸਭਿਆਚਾਰ ਦੇ ਲੱਛਣ(2)


ਇਸ ਤੋਂ ਇਲਾਵਾ ਕਿ ਸਭਿਆਚਾਰ ਇਕ ਸਿਸਟਮ ਹੈ, ਇਸ ਦੇ ਕੁਝ ਹੋਰ ਉਘੜਵੇਂ ਲੱਛਣ ਗਿਣਵਾਏ ਜਾ ਸਕਦੇ ਹਨ।

ਸਭਿਆਚਾਰ ਇਕ ਨਿਰੋਲ ਮਨੁੱਖੀ ਵਰਤਾਰਾ ਹੈ, ਪਰ ਕਿਸੇ ਇਕੱਲੇ ਮਨੁੱਖ ਦਾ ਕੰਮ ਨਹੀਂ। ਅਜਿਹੀਆਂ ਉਦਾਹਰਣਾਂ ਵੀ ਦੇਖਣ ਵਿਚ ਆਈਆਂ ਹਨ ਅਤੇ ਤਜਰਬੇ ਵੀ ਕੀਤੇ ਗਏ ਹਨ, ਕਿ ਜਨਮ ਤੋਂ ਹੀ ਮਨੁੱਖੀ ਸਮਾਜ ਨਾਲੋਂ ਕੱਟ ਕੇ ਕਿਸੇ ਇਕੱਲਵਾਂਝੇ ਸੁੱਟ ਦਿੱਤਾ ਗਿਆ ਵਿਅਕਤੀ ਜੋ ਬਚ ਵੀ ਜਾਏ, ਤਾਂ ਉਸ ਦਾ ਜਾਨਵਰਾਂ ਨਾਲੋਂ ਬਹੁਤਾ ਫ਼ਰਕ ਨਹੀਂ ਹੁੰਦਾ। ਦੂਜੇ ਪਾਸੇ, ਰਾਬਿਨਸਨ ਕਰੂਸੋ ਵਰਗਾ ਬੰਦਾ ਵੀਰਾਨ ਟਾਪੂ ਉਤੇ ਪੁੱਜ ਕੇ ਵੀ ਜੇ ਕਾਇਮ ਰਹਿੰਦਾ, ਆਪਣੀ ਜੀਵਨ-ਕਿਰਿਆ ਨਿਭਾਉਂਦਾ ਅਤੇ ਆਪਣੇ ਮਾਹੌਲ ਨੂੰ ਆਪਣੇ ਹਿਤ ਵਿੱਚ ਵਰਤੀ ਜਾਂਦਾ ਹੈ, ਤਾਂ ਉਹ ਇਸ ਲਈ ਕਿ ਉਹ ਕਿਸੇ ਸਮਾਜ ਵਿਚੋਂ ਆਇਆ ਹੈ, ਅਤੇ ਉਸ ਸਮਾਜ ਤੋਂ ਲਿਆ ਵਿਰਸਾ ਉਸ ਦੇ ਨਾਲ ਚਲਦਾ ਹੈ।

ਸਭਿਆਚਾਰ ਨਿਰਾ ਸਮਾਜਕ ਵਰਤਾਰਾ ਵੀ ਨਹੀਂ। ਸਮਾਜ ਸਿਰਫ਼ ਮਨੁੱਖ ਦੀ ਵਿਲੱਖਣਤਾ ਨਹੀਂ। ਸਮਾਜ ਦੇ ਲੱਛਣ ― ਮੰਤਵ ਦੀ ਸਾਂਝ ਅਤੇ ਫ਼ਰਜ਼ਾਂ ਦੀ ਵੰਡ ― ਹੇਠਲੇ ਸਮੂਹਾਂ ਵਿਚ ਵੀ ਮਿਲਦੇ ਹਨ, ਜਿਵੇਂ ਕਿ ਕੀੜੀਆਂ ਵਿਚ, ਸ਼ਹਿਦ ਦੀਆਂ ਮੱਖੀਆਂ ਵਿਚ। ਪਰ ਇਹਨਾਂ ਦੀ ਕਿਰਿਆ ਨੂੰ ਸਭਿਆਚਾਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਕਿਰਿਆ ਉਹਨਾਂ ਦੀ ਮੂਲ-ਪ੍ਰਵਿਰਤੀ ਦਾ ਭਾਗ ਹੈ: ਜਦੋਂ ਤੋਂ ਹੋਂਦ ਵਿਚ ਆਈ ਹੈ, ਇਸੇ ਤਰ੍ਹਾਂ ਹੀ ਆਈ ਹੈ, ਨਾ ਇਹ ਸਿੱਖਣ ਨਾਲ ਆਈ ਹੈ, ਨਾ ਸਿੱਖਣ ਨਾਲ ਅੱਗੇ ਤੁਰਦੀ ਹੈ, ਨਾ ਬਦਲਦੀ ਹੈ।

ਇਸੇ ਕਰਕੇ ਅਸੀਂ ਹੁਣ ਤੱਕ ਸਭਿਆਚਾਰ ਨੂੰ ਨਾ ਸਿਰਫ਼ ਮਨੁੱਖ ਦਾ, ਨਾ ਨਿਰੇ ਸਮਾਜ ਦਾ ਵਰਤਾਰਾ ਕਿਹਾ ਹੈ। ਇਹ ਮਨੁੱਖੀ ਸਮਾਜ ਦਾ ਜਾਂ ਸਮਾਜਕ ਮਨੁੱਖ ਦਾ ਵਰਤਾਰਾ ਹੈ। ਇਹ ਸਮਾਜਕ ਸੂਝ ਸ਼ਾਇਦ ਪਹਿਲਾ ਸਭਿਆਚਾਰਕ ਵਰਤਾਰਾ ਸੀ, ਜਿਹੜਾ ਮਨੁੱਖ ਨੇ ਪ੍ਰਕਿਰਤੀ ਦੇ ਖ਼ਿਲਾਫ਼ ਲੜਾਈ ਵਿਚ ਸਿਖਿਆ ਹੋਵੇਗਾ, ਕਿਉਂਕਿ ਮੂਲ-

35