ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
5.

――――

ਸਭਿਆਚਾਰਕ ਪਰਿਵਰਤਨ

ਸਭਿਆਚਾਰ ਦੇ ਸੰਬੰਧ ਵਿਚ ਇਕ ਨਿਰਪੇਖ ਸਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ। ਜਦੋਂ ਅਸੀਂ ਖੜੋਤ ਦਾ ਸ਼ਿਕਾਰ ਹੋਏ ਸਭਿਆਚਾਰਾਂ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਹਨਾਂ ਸਭਿਆਚਾਰਾਂ ਦੇ ਸੰਬੰਧ ਵਿਚ ਇਕ ਸਾਪੇਖਕ ਸੱਚ ਕਹਿ ਰਹੇ ਹੁੰਦੇ ਹਾਂ। ਉਹਨਾਂ ਦੀ ਤਬਦੀਲੀ ਏਨੀ ਹੌਲੀ ਅਤੇ ਲੰਮੇ ਸਮੇਂ ਉਤੇ ਫੈਲੀ ਹੁੰਦੀ ਹੈ ਕਿ ਇਹ ਮਹਿਸੂਸ ਹੀ ਨਹੀਂ ਹੁੰਦੀ, ਜਦ ਕਿ ਦੂਜੇ ਸਭਿਆਚਾਰ ਏਨੀ ਤੇਜ਼ੀ ਨਾਲ ਬਦਲ ਰਹੇ ਹੁੰਦੇ ਹਨ ਕਿ ਪਹਿਲੇ ਸਭਿਆਚਾਰ ਖੜੋਤ ਦੀ ਅਵਸਥਾ ਵਿਚ ਲੱਗਦੇ ਹਨ। ਪਰ ਇਹ ਖੜੋਤ ਵਿਚ ਲੱਗਦੇ ਸਭਿਆਚਾਰ ਵੀ ਨਿਰੰਤਰ ਪਰਿਵਰਤਨ ਵਿਚੋਂ ਲੰਘ ਰਹੇ ਹੁੰਦੇ ਹਨ, ਜਿਸ ਦਾ ਪਤਾ ਸਾਨੂੰ ਓਦੋਂ ਲੱਗਦਾ ਹੈ, ਜਦੋਂ ਇਹਨਾਂ ਦੀ ਹੋਂਦ ਦੇ ਲੰਮੇ ਸਮੇਂ ਨੂੰ ਅਸੀਂ ਨਿਰੀਖਣ ਹੇਠ ਲਿਆਈਏ।

ਬੇਸ਼ਕ ਇਹ ਵੀ ਏਡੀ ਹੀ ਵੱਡੀ ਸਚਾਈ ਹੈ ਕਿ ਇਹ ਤਬਦੀਲੀ ਕੋਈ ਆਪਣੇ ਆਪ ਨਹੀਂ ਆਉਂਦੀ, ਸਗੋਂ ਕਿਸੇ ਨਾ ਕਿਸੇ ਹੱਦ ਤੱਕ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਸਮਾਜ ਅਤੇ ਸਭਿਆਚਾਰ ਦੀ ਸਥਿਰਤਾ ਇਕ ਸੁਖਾਵੀਂ ਅਵਸਥਾ ਹੈ, ਸਗੋਂ ਸਥਿਰਤਾ ਦਾ ਖ਼ਿਆਲ ਵੀ ਸੁਖਾਵਾਂ ਹੁੰਦਾ ਹੈ। ਹਰ ਸਭਿਆਚਾਰ ਆਦਤਾਂ ਕਾਇਮ ਕਰਨ ਦਾ ਅਮਲ ਹੈ। ਇਕ ਵਾਰੀ ਬਣੀ ਆਦਤ ਸਥਿਰ ਰਹਿਣ ਦੀ ਰੁਚੀ ਰੱਖਦੀ ਹੈ। ਇਸ ਨੂੰ ਬਦਲਣਾ ਤਕਲੀਫ਼ਦੇਹ ਹੁੰਦਾ ਹੈ। ਕਈ ਵਾਰੀ ਚੰਗੇਰੀ ਤਬਦੀਲੀ ਨੂੰ ਵੀ ਸ਼ੁਰੂ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਗੱਲ ਵਿਅਕਤੀਗਤ ਪੱਧਰ ਉੱਤੇ ਵੀ ਠੀਕ ਹੈ, ਸਮਾਜਕ ਪੱਧਰ ਉੱਤੇ ਵੀ। ਸਗੋਂ ਸਮਾਜਿਕ ਸੰਸਥਾਵਾਂ, ਜਿਹੜੀਆਂ ਖ਼ੁਦ ਵੀ ਬਦਲੀਆਂ ਲੋੜਾਂ ਅਨੁਸਾਰ ਕਿਸੇ ਸਮਾਜਕ ਤਬਦੀਲੀ ਦਾ ਹੀ ਸਿੱਟਾ ਹੁੰਦੀਆਂ ਹਨ, ਸਮਾਂ ਪਾ ਕੇ ਤਬਦੀਲੀ ਦੇ ਵਿਰੋਧ ਵਿਚ ਵਿਅਕਤੀ ਨਾਲੋਂ ਕਿਤੇ ਵਧੇਰੇ ਜ਼ੋਰਦਾਰ ਤਾਕਤ ਬਣ ਜਾਂਦੀਆਂ ਹਨ।

ਇਹ ਤਬਦੀਲੀ ਵਿਅਕਤੀ ਜਾਂ ਸਮਾਜ ਦੀ ਇੱਛਾ ਉਤੇ ਨਿਰਭਰ ਨਹੀਂ ਕਰਦੀ। ਇਹ ਪ੍ਰਕਿਰਤੀ ਦਾ ਨਿਯਮ ਹੈ, ਅਤੇ ਪ੍ਰਕਿਰਤੀ ਮਨੁੱਖੀ ਸਮਾਜ ਦਾ ਹੋਂਦ-ਚੌਖਟਾ ਹੈ।

55