ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਕਿਰਤੀ ਵਿਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ, ਜੋ ਮਨੁੱਖੀ ਸਮਾਜ ਲਈ ਅਨੁਕੂਲਣ ਦੀਆਂ ਸਮੱਸਿਆਵਾਂ ਪੈਦਾ ਕਰਦੀਆਂ ਰਹਿੰਦੀਆਂ ਹਨ। ਮਨੁੱਖ ਇਹਨਾਂ ਦਾ ਹਲ ਲੱਭਦਾ ਹੈ। ਇਹ ਹਲ ਮਨੁੱਖ ਨੂੰ ਵੀ ਬਦਲਦੇ ਹਨ, ਪ੍ਰਕਿਰਤੀ ਨੂੰ ਵੀ; ਪਰ ਆਪਣੀ ਥਾਂ ਨਵੀਆਂ ਸਮੱਸਿਆਵਾਂ ਵੀ ਪੈਦਾ ਕਰ ਦੇਂਦੇ ਹਨ। ਇਥੇ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਮੁੱਢਲੇ ਪੜਾਵਾਂ ਉਤੇ ਸਮਾਜਕ ਅਤੇ ਸਭਿਆਚਾਰਕ ਤਬਦੀਲੀ ਮਨੁੱਖ ਅਤੇ ਪ੍ਰਕਿਰਤੀ ਦੇ ਇਸ ਦਵੰਦਮਈ ਰਿਸ਼ਤੇ ਤੋਂ ਹੀ ਪੈਦਾ ਹੁੰਦੀ ਹੈ।

ਇਸ ਚੀਜ਼ ਦੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਕਿ ਕਿਵੇਂ ਵਿਕਸਤ ਸਮਾਜਾਂ ਵਿਚ ਵੀ ਨਵੀਆਂ ਲੱਭਤਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ, ਅਤੇ ਲੱਭਤਾਂ ਕਰਨ ਵਾਲਿਆਂ ਨੂੰ ਕਈ ਵਾਰੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਰਹੇ ਹਨ। ਇਹ ਵਿਰੋਧ ਹੋਰ ਵੀ ਜ਼ਬਰਦਸਤ ਹੁੰਦਾ ਹੈ, ਜੇ ਇਹ ਸਥਾਪਤ ਵਿਸ਼ਵਾਸ ਨਾਲ, ਜਾਂ ਧਰਮ ਨਾਲ ਵਿਰੋਧ ਵਿਚ ਆਉਂਦਾ ਹੋਵੇ। ਡਾਰਵਿਨ ਦਾ ਅਜੇ ਵੀ ਮਜ਼੍ਹਬੀ ਬੁਨਿਆਦਾਂ ਉਤੇ ਬਣੀਆਂ ਯੂਨੀਵਰਸਿਟੀਆਂ ਵਿਚ ਵਿਰੋਧ ਹੋ ਰਿਹਾ ਹੈ ਕਿਉਂਕਿ ਮਜ਼੍ਹਬ ਤਾਂ ਸਿਖਾਉਂਦਾ ਹੈ ਕਿ ਮਨੁੱਖ ਨੂੰ ਰੱਬ ਨੇ ਬਣਾਇਆ ਹੈ, ਪਰ ਡਾਰਵਿਨ ਇਸ ਨੂੰ ਇਕ ਨਿਸ਼ਚਿਤ ਕ੍ਰਮ-ਵਿਕਾਸ ਦੀ ਉਪਜ ਦੱਸਦਾ ਹੈ। ਸਮੁੱਚੇ ਤੌਰ ਉਤੇ ਸਥਾਪਤ ਵਿਹਾਰ, ਭਾਵੇਂ ਉਹ ਜ਼ਿੰਦਗੀ ਦੇ ਕਿਸੇ ਖੇਤਰ ਵਿਚ ਵੀ ਹੋਵੇ, ਨਵੀਨਤਾਈ ਦਾ ਵਿਰੋਧ ਕਰਦਾ ਰਿਹਾ ਹੈ। ਅੱਜ ਸਾਨੂੰ ਇਹ ਗੱਲ ਸ਼ਾਇਦ ਸਮਝ ਨਾ ਆਵੇ ਕਿ ਕੋਇਲ, ਭਾਫ਼-ਇੰਜਨ, ਰੇਲ-ਇੰਜਨ, ਬਿਜਲੀ ਆਦਿ ਦਾ ਵੀ ਵਿਰੋਧ ਹੁੰਦਾ ਰਿਹਾ ਹੈ।

ਇਸ ਤੋਂ ਇਲਾਵਾ ਕਿ ਸਭਿਆਚਾਰ ਆਦਤ ਬਣ ਜਾਂਦਾ ਹੈ, ਜਿਸ ਨੂੰ ਬਦਲਣਾ ਹਮੇਸ਼ਾ ਹੀ ਕਸ਼ਟਦਾਇਕ ਹੁੰਦਾ ਹੈ ਸਮਾਜ-ਵਿਗਿਆਨੀ ਪਰਿਵਰਤਨ ਦੇ ਵਿਰੋਧ ਦੇ ਕਈ ਹੋਰ ਕਾਰਨ ਗਿਣਾਉਂਦੇ ਹਨ, ਜਿਵੇਂ ਕਿ ਬਜ਼ੁਰਗਾਂ ਦਾ ਪੁਰਾਤਨ-ਮੁਖੀ ਹੋਣਾ, ਨਵੇਂ ਬਾਰੇ ਅਨਿਸਚਿੱਤਤਾ ਅਤੇ ਇਸ ਦਾ ਡਰ, ਨਵੇਂ ਨੂੰ ਲਾਗੂ ਕਰਨ ਵਿਚ ਆਉਂਦੇ ਖ਼ਰਚੇ(ਆਰਥਕ ਕਾਰਨ), ਬੀਤੇ ਦਾ ਸਤਿਕਾਰ, ਅਤੇ ਸਥਿਰਤਾ ਵਿਚ ਖ਼ਾਸ ਵਰਗਾਂ ਦੀ ਦਿਲਚਸਪੀ ਹੋਣਾ, ਆਦਿ।1 ਪਰ ਇਹ ਸਾਰੀਆਂ ਗੱਲਾਂ ਪਰਿਵਰਤਨ ਨੂੰ ਧੀਮਾ ਹੀ ਕਰ ਸਕਦੀਆਂ ਹਨ, ਜਾਂ ਪਿੱਛੇ ਪਾ ਸਕਦੀਆਂ ਹਨ, ਰੋਕ ਨਹੀਂ ਸਕਦੀਆਂ।

ਸਮਾਜ-ਵਿਗਿਆਨੀ ਅਤੇ ਅਤੇ ਮਾਨਵ-ਵਿਗਿਆਨੀ ਸਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿਚ ਵੰਡਦੇ ਹਨ: ਪ੍ਰਕਿਰਤਕ ਮਾਹੌਲ ਵਿਚ ਆਏ ਪਰਿਵਰਤਨ, ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ, ਅਤੇ ਸਮਾਜ ਤੋਂ ਬਾਹਰੋਂ ਆਏ ਕਾਰਨ। ਇਹਨਾਂ ਵਿਚੋਂ ਪ੍ਰਕਿਰਤਕ ਮਾਹੌਲ ਵਿਚ ਪਰਿਵਰਨ ਬੇਹੱਦ ਹੌਲੀ ਹੌਲੀ ਅਤੇ ਹਜ਼ਾਰਾਂ ਸਾਲਾਂ ਦੇ ਅਰਸੇ ਉਤੇ ਫੈਲੇ ਹੁੰਦੇ ਹਨ, ਜਿਸ ਕਰਕੇ ਇਹ ਪੁੰਹਦੇ ਤੱਕ ਵੀ ਨਹੀਂ (ਜਿਵੇਂ ਕਿ ਹਿਮ-ਹਲਕੇ ਦਾ ਸੁੰਗੜਨਾ), ਜਾਂ ਫਿਰ ਏਨੇ ਅਚਨਚੇਤੀ ਅਤੇ ਤਬਾਹਕੁਨ ਹੋ ਸਕਦੇ ਹਨ (ਭੂਚਾਲ, ਲਾਵਾ ਫਟਣਾ, ਭਿਅੰਕਰ ਹੜ੍ਹ) ਕਿ ਇਹ ਮਨੁੱਖੀ ਸਮਾਜ ਨੂੰ ਏਨਾ

56