ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
6.
ਸਭਿਆਚਾਰ ਅਤੇ ਹੋਰ ਗਿਆਨ-ਖੇਤਰ

ਸਮਾਜ-ਵਿਗਿਆਨ; ਮਾਨਵ-ਵਿਗਿਆਨ ਅਤੇ ਮਨੋਵਿਗਿਆਨ ਨਾਲ ਸਭਿਆਚਾਰ ਦੇ ਸੰਬੰਧ ਨੂੰ ਅਸੀਂ ਸੰਖੇਪ ਵਿਚ ਪਹਿਲੇ ਅਧਿਆਇ ਵਿਚ (ਸਫ਼ਾ-16-17 ਉਤੇ) ਦੇਖ ਚੁੱਕੇ ਹਾਂ। ਇਹਨਾਂ ਤੋਂ ਛੁੱਟ ਕੁਝ ਹੋਰ ਸੰਕਲਪਾਂ ਜਾਂ ਗਿਆਨ-ਖੇਤਰਾਂ ਨਾਲੋਂ ਸਭਿਆਚਾਰ ਦਾ ਨਿਖੇੜਾ ਕਰਨਾ ਜਾਂ ਇਹਨਾਂ ਵਿਚਕਾਰ ਅੰਤਰ-ਸੰਬੰਧ ਦੇਖਣਾ ਜ਼ਰੂਰੀ ਹੈ, ਕਿਉਂਕਿ ਇਹਨਾਂ ਬਾਰੇ ਵੱਖ ਵੱਖ ਦ੍ਰਿਸ਼ਟੀਕੋਨ ਮਿਲਦੇ ਹਨ, ਅਤੇ ਸਾਧਾਰਨ ਪੱਧਰ ਉਤੇ ਇਹਨਾਂ ਅੰਤਰ-ਸੰਬੰਧਾਂ ਬਾਰੇ ਕਾਫ਼ੀ ਅਸਪਸ਼ਤਾ ਆ ਜਾਂਦੀ ਹੈ।

ਸਭਿਆਚਾਰ ਅਤੇ ਸਭਿਅਤਾ

ਸਭਿਆਚਾਰ ਅਤੇ ਸਭਿਅਤਾ ਵਿਚਕਾਰ ਨਿਖੇੜ ਕਰ ਸਕਣਾ ਸਭ ਤੋਂ ਮੁਸ਼ਕਲ ਕੰਮ ਹੈ। ਅਕਸਰ ਇਹਨਾਂ ਨੂੰ ਸਮਾਨਾਰਥੀ ਸਬਦਾਂ ਵਜੋਂ ਵਰਤਿਆਂ ਜਾਂਦਾ ਹੈ, ਇਥੋਂ ਤੱਕ ਕਿ ਟਾਇਲਰ ਵਲੋਂ ਦਿੱਤੀ ਗਈ ਪਰਿਭਾਸ਼ਾ "ਸਭਿਆਚਾਰ ਜਾਂ ਸਭਿਅਤਾ ਉਹ ਜਟਿਲ ਸਮੂਹ ਹੈ..." ਤੋਂ ਸ਼ੁਰੂ ਹੁੰਦੀ ਹੈ; ਅਰਥਾਤ, ਉਸ ਲਈ ਸਭਿਆਚਾਰ ਜਾਂ ਸਭਿਅਤਾ ਇੱਕੋ ਹੀ ਵਰਤਾਰੇ ਦੇ ਲਖਾਇਕ ਹਨ। ਵੈਸੇ ਵੀ, ਇਹਨਾਂ ਦੋਹਾਂ ਸੰਕਲਪਾਂ ਵਿਚਕਾਰ ਨਿਖੇੜ ਵਧੇਰੇ ਕਰਕੇ ਸਮਾਜ-ਵਿਗਿਆਨੀਆਂ ਵਲੋਂ ਕੀਤਾ ਗਿਆ ਮਿਲਦਾ ਹੈ। ਮਾਨਵ-ਵਿਗਿਆਨ ਵਿਚ, ਜਾਂ ਸਮਾਜ-ਵਿਗਿਆਨ ਤੋਂ ਇਲਾਵਾ ਸਮਾਜ ਦਾ ਅਧਿਐਨ ਕਰਦੇ ਦੂਜੇ ਵਿਗਿਆਨਾਂ (ਇਤਿਹਾਸ, ਅਰਥ-ਸ਼ਾਸਤਰ, ਰਾਜਨੀਤੀ, ਆਦਿ) ਵਿਚ, ਇਹ ਨਿਖੇੜ ਆਮ ਨਹੀਂ ਮਿਲਦਾ।

ਸਮਾਜ-ਵਿਗਿਆਨ ਵਿਚ ਸਭਿਆਚਾਰ ਅਤੇ ਸਭਿਅਤਾ, ਦੋਹਾਂ ਨੂੰ ਹੀ ਇੱਕੋ ਸਮਾਜਕ ਵਰਤਾਰੇ (ਜਿਸ ਨੂੰ ਅੰਗਰੇਜ਼ੀ ਵਿਚ "ਸੁਪਰ-ਆਰਗੈਨਿਕ" ਭਾਵ, ਪਰਾ-ਅਵੈਵੀ ਵਰਤਾਰਾ ਵੀ ਕਿਹਾ ਜਾਂਦਾ ਹੈ) ਦੇ ਵੱਖ ਵੱਖ ਪੜਾਅ ਸਮਝਿਆ ਜਾਂਦਾ ਹੈ। ਇਸ ਵਿਚ ਸਭਿਅਤਾ ਸਭਿਆਚਾਰ ਦਾ ਮਗਰਲਾ ਪੜਾਅ ਹੈ। ਸਭਿਅਤਾ ਦਾ ਅੰਗਰੇਜ਼ੀ ਸਾਮਾਨਾਰਥਕ ਸ਼ਬਦ

68