ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਨੇ ਉਸ ਸੋਚਣੀ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ ਹੈ, ਜਿਹੜੀ ਮਨੁੱਖੀ ਖ਼ੂਬੀਆਂ ਜਾਂ ਖ਼ਾਮੀਆਂ, ਪਰਾਪਤੀਆਂ ਜਾਂ ਪਛੜੇਵਿਆਂ, ਦਾ ਇੱਕੋ ਇੱਕ ਕਾਰਨ ਜੀਵ-ਵਿਗਿਆਨਕ ਵਿਰਸੇ ਵਿਚ ਦੇਖਦੀ ਸੀ। ਨਸਲੀ ਭੇਦ-ਭਾਵ ਅਤੇ ਫ਼ਾਸ਼ਿਜ਼ਮ ਦਾ ਫ਼ਲਸਫ਼ਾ ਇਸੇ ਤਰ੍ਹਾਂ ਦੀ ਸੋਚਣੀ ਉੱਤੇ ਟਿਕਿਆ ਹੋਇਆ ਹੈ। ਇਸ ਅਨੁਸਾਰ ਕੁਝ ਨਸਲਾਂ ਜਮਾਂਦਰੂ ਤੌਰ ਉੱਤੇ ਹੀ ਬੌਧਕ ਅਤੇ ਹੋਰ ਸਮਰੱਥਾਵਾਂ ਵਿਚ ਊਣੀਆਂ ਹੁੰਦੀਆਂ ਹਨ, ਜਦ ਕਿ ਕੁਝ ਨਸਲਾਂ ਜਮਾਂਦਰੂ ਹੀ ਉੱਚੀਆਂ ਅਤੇ ਵਧੇਰੇ ਸਮਰੱਥ ਹੁੰਦੀਆਂ ਹਨ, ਜਿਸ ਕਰਕੇ ਉਹਨਾਂ ਨੂੰ ਦੂਜਿਆਂ ਉਤੇ ਰਾਜ ਕਰਨ ਦਾ ਅਧਿਕਾਰ ਹੁੰਦਾ ਹੈ। ਉਦਾਹਰਣ ਵਜੋਂ, ਅਮਰੀਕਾ ਵਿਚ ਕਥਿਤ ਤੌਰ ਉੱਤੇ ਵਸਤੂਪਰਕ ਨਿਰੀਖਣਾਂ ਦੇ ਆਧਾਰ ਉੱਤੇ ਇਹ ਸਿੱਧ ਕੀਤਾ ਗਿਆ ਕਿ ਨੀਗਰੋ ਜਮਾਂਦਰੂ ਤੌਰ ਉਤੇ ਬੁਧੂ ਅਤੇ ਗੋਰੇ ਜਮਾਂਦਰੂ ਹੀ ਤੀਖਣ ਬੁੱਧੀ ਵਾਲੇ ਹੁੰਦੇ ਹਨ। ਪਰ ਇਹਨਾਂ ਹੀ ਤਜ਼ਰਬਿਆਂ ਦੇ ਵਿਸਥਾਰ ਤੋਂ ਇਹ ਪਤਾ ਲੱਗਾ ਕਿ ਉੱਤਰ ਦਾ ਨੀਗਰੋ (ਜਿਥੇ ਮਾਹੌਲ ਮੁਕਾਬਲਤਨ ਖੁੱਲ੍ਹ ਅਤੇ ਸਹਿਣਸ਼ੀਲਤਾ ਵਾਲਾ ਸੀ) ਦੱਖਣ ਦੇ ਨੀਗਰੋ ਨਾਲੋਂ ਵਧੇਰੇ ਤੀਖਣ-ਬੁੱਧ ਹੈ। ਅਤੇ ਜਿਸ ਵੇਲੇ ਇਹੀ ਤਜਰਬੇ ਹੋਰ ਵਿਸ਼ਾਲ ਖੇਤਰ ਵਿਚ ਕੀਤੇ ਗਏ ਤਾਂ ਨੀਗਰੋ ਅਤੇ ਗੋਰੇ ਬੱਚਿਆਂ ਦੇ ਬੁੱਧੀ ਦੇ ਬਣਦੇ ਗਰਾਫ਼ਾਂ ਵਿਚ ਕੋਈ ਬਹੁਤਾ ਫ਼ਰਕ ਨਾ ਨਿਕਲਿਆ।

ਅਮਰੀਕਾ ਵਿਚ ਹੀ ਇਸੇ ਤਰ੍ਹਾਂ ਦੇ ਤਜਰਬੇ ਸਿਰਫ਼ ਨਸਲੀ ਫ਼ਰਕਾਂ ਨੂੰ ਦੇਖਣ ਲਈ ਹੀ ਨਹੀਂ, ਸਗੋਂ ਪਰਿਵਾਰਿਕ ਵਿਰਸੇ ਦਾ ਅਧਿਐਨ ਕਰਨ ਲਈ ਵੀ ਕੀਤੇ ਗਏ ਅਤੇ ਦੋ ਪਰਿਵਾਰ ਲੱਭੇ ਗਏ ਜਿਨ੍ਹਾਂ ਵਿਚੋਂ ਇਕ ਵਿਚ ਪ੍ਰਸਿਧ ਸ਼ਖ਼ਸੀਅਤਾਂ ਦੀ ਭਰਮਾਰ ਸੀ ਤਾਂ ਦੂਜੇ ਵਿਚ ਬਦਨਾਮ ਵਿਅਕਤੀਆਂ ਦੀ। ਪਰ ਇਹੋ ਜਿਹੀ ਖੋਜ ਵੀ ਅਟੱਲ ਤੌਰ ਉਤੇ ਇਹ ਸਿੱਧ ਨਹੀਂ ਕਰ ਸਕੀ ਕਿ ਜੀਵ-ਵਿਗਿਆਨਕ ਵਿਰਸਾ ਮਨੁੱਖੀ ਸਮਾਜ ਵਿਚ ਨਿਰਧਾਰਣੀ ਮਹੱਤਤਾ ਰੱਖਦਾ ਹੈ। ਇਸ ਦੇ ਉਲਟ, ਮਾਹੌਲ ਦਾ ਅਸਰ ਕਿਤੇ ਵਧੇਰੇ ਪ੍ਰਬਲ ਹੈ ਅਤੇ ਇਹ ਸਮਾਜਿਕ ਪੱਖੋਂ ਜੀਵ-ਵਿਗਿਆਨਕ ਵਿਰਸੇ ਵਿਚਲੇ ਕਈ ਨਫ਼ੀ ਅੰਸ਼ਾਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ। ਇਥੋਂ ਤਕ ਕਿ ਮਾਂ ਦੇ ਪੇਟ ਵਿਚ ਵੀ ਬੱਚੇ ਉਤੇ ਵਿਰਸੇ ਨਾਲੋਂ ਵਧੇਰੇ ਸਭਿਆਚਾਰਕ ਮਾਹੌਲ ਅਸਰ-ਅੰਦਾਜ਼ ਹੋ ਰਿਹਾ ਹੁੰਦਾ ਹੈ―ਪੌਸ਼ਟ ਖ਼ੁਰਾਕ, ਸਿਹਤ ਸੰਬੰਧੀ ਗਿਆਨ, ਮਾਨਸਕ ਅਵਸਥਾ, ਰੋਗ-ਨਵਿਰਤੀ ਲਈ ਦਵਾਈਆਂ ਵਿਚ ਹੋਈ ਉੱਨਤੀ, ਸਾਫ਼ ਅਤੇ ਸਵਸਥ ਪੌਣ-ਪਾਣੀ ਵਰਗੇ ਅੰਸ਼ ਵਿਰਸੇ ਦੇ ਨਹੀਂ, ਮਾਹੌਲ ਦੇ ਅੰਸ਼ ਹਨ। ਜਿਸ ਵੇਲੇ ਇਹ ਕਿਹਾ ਜਾਂਦਾ ਹੈ ਕਿ ਜੇ ਮਾਪਿਆਂ ਜਾਂ ਨਿਕਟ-ਵਰਤੀਆਂ ਦਾ ਪਤਾ ਲੱਗ ਜਾਏ ਤਾਂ ਬੰਦੇ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਤਾਂ ਇਸ ਵਿਚ ਵੀ ਜੀਵ-ਵਿਗਿਆਨਕ ਵਿਰਸੇ ਜਾਂ ਸਾਂਝ ਨਾਲੋਂ ਜ਼ਿਆਦਾ ਮਾਹੌਲ ਦੇ ਅੰਸ਼ ਵਜੋਂ ਜ਼ੋਰ ਪ੍ਰਤੱਖ ਹੁੰਦਾ ਹੈ। ਕਈ ਰੋਗ ਜਿਹੜੇ ਪਹਿਲਾਂ ਵਿਰਸੇ ਵਿਚ ਜਾਂਦੇ ਸਨ, ਹੁਣ ਖ਼ਤਮ ਕੀਤੇ ਜਾ ਸਕਦੇ ਹਨ। ਵਿਦਿਆ, ਖੁਰਾਕ, ਸਿਹਤ-ਸੰਭਾਲ ਅਤੇ ਅਨੁਕੂਲ ਸਮਾਜਕ ਪ੍ਰਬੰਧ ਰਾਹੀਂ ਸਰੀਰਕ ਕੱਦ-ਕਾਠ, ਬੌਧਕ ਤੀਖਣਤਾ ਅਤੇ ਮਾਨਸਿਕ ਸੰਤੁਲਨ

75