ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
8
ਸਭਿਆਚਾਰ ਦੇ ਅਧਿਐਨ ਦੇ ਸਰੋਤ

ਹੁਣ ਤੱਕ ਦੇ ਅਧਿਐਨ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਭਿਆਚਾਰ ਮਨੁੱਖ ਦੀ ਜ਼ਿੰਦਗੀ ਦਾ ਕੋਈ ਇਕ ਪੱਖ ਨਹੀਂ, ਸਗੋਂ ਇਸ ਦੀ ਸਮੁੱਚੀ ਹੋਂਦ ਨਾਲ ਸੰਬੰਧਤ ਹੈ। ਇਸ ਲਈ, ਸਭਿਆਚਾਰ ਦੇ ਅਧਿਐਨ ਦੇ ਸਰੋਤ ਵੀ ਮਨੁੱਖਾ ਜੀਵਨ ਅਤੇ ਸਰਗਰਮੀ ਦੇ ਕਿਸੇ ਇਕ ਅੱਧ ਪੱਖ ਤੱਕ ਸੀਮਤ ਨਹੀਂ ਹੋ ਸਕਦੇ। ਸਭਿਆਚਾਰ ਦਾ ਅਧਿਐਨ ਸਮੁੱਚੀ ਮਨੁੱਖਾ ਜ਼ਿੰਦਗੀ, ਜਾਂ ਕਿਸੇ ਮਨੁੱਖੀ ਸਮਾਜ ਦੀ ਸਮੁੱਚੀ ਜ਼ਿੰਦਗੀ ਨੂੰ ਆਪਣੀ ਲਪੇਟ ਵਿਚ ਲਏ ਤੋਂ ਬਿਨਾਂ ਸਾਰਥਕ ਸਿੱਟੇ ਨਹੀਂ ਕੱਢ ਸਕਦਾ।

ਪਰ ਸਮੱਸਿਆ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰਨਾ ਸ਼ਾਇਦ ਸਾਨੂੰ ਸਪੱਸ਼ਟਤਾ ਨਾ ਦੇ ਸਕੇ। ਵਧੇਰੇ ਚੰਗਾ ਹੋਵੇਗਾ ਕਿ ਅਸੀਂ ਹੁਣ ਤੱਕ ਹੋਏ ਕੁਝ ਕੰਮਾਂ ਉਤੇ ਨਜ਼ਰ ਮਾਰੀਏ ਅਤੇ ਉਹਨਾਂ ਦੇ ਆਧਾਰ ਉਤੇ ਕੋਈ ਸਿੱਟੇ ਕੱਢੀਏ। ਇਹਨਾਂ ਤੋਂ ਐਸੇ ਵਿਗਿਆਨਾਂ ਅਤੇ ਗਿਆਨ-ਖੇਤਰਾਂ ਦਾ ਵੀ ਸੰਕੇਤ ਮਿਲ ਸਕੇਗਾ, ਜਿਹੜੇ ਨਾ ਸਿਰਫ਼ ਸਭਿਆਚਾਰ ਦੇ ਅਧਿਐਨ ਲਈ ਅੰਤਰ-ਦ੍ਰਿਸ਼ਟੀਆਂ ਹੀ ਪ੍ਰਦਾਨ ਕਰਦੇ ਹਨ (ਜਿਵੇਂ ਕਿ ਮਨੋਵਿਗਿਆਨ) ਸਗੋਂ ਜਿਨ੍ਹਾਂ ਖੇਤਰਾਂ ਵਿਚ ਹੋਏ ਅਧਿਐਨ ਅਸਲ ਵਿਚ ਸਭਿਆਚਾਰ ਦੇ ਹੀ ਕਿਸੇ ਪੱਖ ਜਾਂ ਅੰਗ ਦੇ ਅਧਿਐਨ ਹੁੰਦੇ ਹਨ।

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਮਾਨਵ-ਵਿਗਿਆਨ ਦਾ ਸਾਰਾ ਵਿਸ਼ਾ ਹੀ ਮਨੁੱਖੀ ਸਭਿਆਚਾਰ ਹੈ। ਨਿਰੋਲ ਮਾਨਵ-ਵਿਗਿਆਨ ਵਜੋਂ, ਜਿਸ ਨੂੰ ਭੌਤਿਕ ਮਾਨਵ-ਵਿਗਿਆਨ ਵੀ ਕਿਹਾ ਜਾਂਦਾ ਹੈ, ਇਹ ਮਨੁੱਖ ਦੇ ਮੁੱਢਲੇ ਵਿਕਾਸ ਦਾ, ਪਸ਼ੂ-ਸਥਿਤੀ ਤੋਂ ਵਿਕਾਸ ਕਰ ਕੇ ਨਿਸਚਿਤ ਸਰੀਰਕ ਅਤੇ ਹੱਡੀਆਂ ਦੀ ਬਣਤਰ ਵਿਚਲੀਆਂ ਵਿਲੱਖਣਤਾਈਆਂ ਵਾਲੇ ਨਸਲੀ ਸਮੂਹਾਂ ਵਿਚ ਵੰਡੇ ਜਾਣ ਤੱਕ ਦਾ ਪਤਾ ਦੇਂਦਾ ਹੈ। ਸਮਾਜ-ਵਿਗਿਆਨ ਦਾ ਵਿਕਾਸ, ਲੇਵੀ ਸਤਰਾਸ ਅਨੁਸਾਰ, ਇਸ ਲੱਭਤ ਤੋਂ ਹੋਇਆ ਕਿ ਸਮਾਜਕ ਜੀਵਨ ਦੇ ਸਾਰੇ ਪੱਖ ― ਆਰਥਕ, ਤਕਨੀਕੀ, ਰਾਜਨੀਤਕ, ਕਾਨੂੰਨੀ, ਸੁਹਜ-ਸ਼ਾਸਤਰੀ ਅਤੇ ਧਾਰਮਿਕ ― ਮਿਲ ਕੇ ਇਕ ਉਲੇਖਣੀ ਸਮੁੱਚ ਬਣਾਉਂਦੇ ਹਨ, ਅਤੇ ਇਹਨਾਂ ਵਿਚੋਂ ਕਿਸੇ ਵੀ ਪੱਖ ਨੂੰ ਉਦੋਂ ਤੱਕ ਨਹੀਂ ਸਮਝਿਆ ਜਾ ਸਕਦਾ, ਜਿੰਨਾ ਚਿਰ ਤੱਕ ਇਸ ਨੂੰ ਬਾਕੀ

93