ਪੰਨਾ:ਹਾਏ ਕੁਰਸੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਦਿਲੋਂ ਚਾਹੁੰਦਾ ਸੀ ਕਿ ਪੀਟਰ ਠੀਕ ਹੋ ਜਾਂਦਾ ਤੇ ਆਪਣੀ ਤੇ ਬਚਿਆਂ ਦੀ ਪਾਲਨਾ ਕਰੀ ਜਾਂਦਾ |
ਨਿਰਮਲ ਆਪ ਬੜਾ ਸ਼ਰੀਫ ਸੀ | ਉਸ ਦੀ ਉਮਰ 29-30 ਸਾਲ ਦੀ ਹੀ ਸੀ, ਪਰ ਉਸ ਵਿਚ ਸਾਰੇ ਹੀ ਗੁਣ ਸਨ | ਮਿਲਨਸਾਰ, ਹਸਮੁਖ, ਜੋ ਗੁਣ ਇਕ ਚੰਗੇ ਮਨੁਖ ਵਿਚ ਹੋਣੇ ਚਾਹੀਦੇ ਹਨ | ਸਰੀਰ ਉਸ ਦਾ ਸੋਹਣਾ ਸੀ, ਚੌੜੀ ਛਾਤੀ, ਲੰਮਾ ਕਦ, ਗਠੇ ਹੋਏ ਅੰਗ, ਮੋਟੀਆਂ ਅੱਖਾਂ, ਚੰਗੇ ਖਾਂਦੇ ਪੀਂਦੇ ਮਾਪਿਆਂ ਦਾ ਮੁੰਡਾ ਸੀ ।
‘ਸਲਾਮ ਜੁਨਾਬ,' ਪੀਟਰ ਨੇ ਅੰਦਰ ਆਉਂਦੇ ਹੋਏ ਸਲਾਮ ਕੀਤੀ |
‘ਸਲਾਮ ! ਆਉ, ਸਬ ਇਨਸਪੈਕਟਰ ਸ਼ਾਹਿਬ’ ਨਿਰਮਲ ਨੇ ਸਲਾਮ ਦਾ ਉਤਰ ਦੇਂਦੇ ਹੋਏ ਆਖਿਆ, 'ਦਸੋ ਕੀ ਗਲ ਏ ?'
'ਕੁਝ ਨਹੀਂ, ਸਰਕਾਰ | ਹਜ਼ੂਰ ਦੇ ਦੁਸ਼ਮਨਾਂ ਦੀ ਤਬੀਅਤ ਨਾਸਾਜ਼ ਸੀ, ਮੈਂ ਆਖਿਆ ਜ਼ਰਾ ਕਦਮ ਬੋਸੀ ਕਰ ਆਵਾਂ । ਮੈਂ ਅਗੇ ਵੀ ਦੋ ਵਾਰੀ ਹੋ ਗਿਆ ਹਾਂ, ਹਜ਼ੂਰ !'
‘ਬੜੀ ਮਿਹਰਬਾਨੀ ਕੀਤੀ ਹੈ !'
‘ਜਨਾਬ ਦੀ ਤਬੀਅਤ ਅੱਗੇ ਨਾਲੋਂ ਤਾਂ ਚੰਗਾ ਹੈ ਨਾ ਹਜ਼ੂਰ ?
'ਹਾਂ, ਅਗੇ ਨਾਲੋਂ ਚੰਗੀ ਹੈ । ਕੁਝ ਹੋਰ ਦਸੋ !' ਨਿਰਮਲ ਦੇ ਜਵਾਬ ਦੇਣ ਤੋਂ ਸਾਫ ਪ੍ਰਤੀਤ ਹੁੰਦਾ ਸੀ, ਜੋ ਉਹ ਇਸ ਮੁਲਾਕਾਤ ਨੂੰ ਛੇਤੀ ਤੋਂ ਛੇਤੀ ਖ਼ਤਮ ਕਰ ਦੇਣਾ ਚਾਹੁੰਦਾ ਹੈ ।
'ਹੋਰ, ਜੁਨਾਬ, ਮੈਂ ......?'
'ਹਾਂ, ਹਾਂ, ਦਸੋ, ਰੁਕ ਕਿਉਂ ਗਏ ਹੋ !' ਨਿਰਮਲ ਨੇ ਥਾਨੇਦਾਰ ਦੀ ਗੱਲ ਨੂੰ ਸਮਝਦੇ ਹੋਏ ਆਖਿਆ ।
‘ਸਰਕਾਰ ਉਸ ਰਾਤ ਦੇ ਵਾਕਿਆਤ ਤੋਂ ਇਹ ਖ਼ਾਦਮ ਬਹੁਤ ਸ਼ਰਮਿੰਦਾ ਹੈ ਤੇ ਆਪ ਪਾਸੋਂ ਦਸਤ ਬਸਤਾ ਮੁਆਫੀ ਹਾਸਲ ਕਰਨ ਲਈ ਦਰਖ਼ਾਸਤ ਕਰਦਾ ਹੈ !' ਥਾਨੇਦਾਰ ਨੇ ਦੋਵੇਂ ਹਥ ਜੋੜਦੇ ਤੇ ਨਿਰਮਲ ਵਲ ਵੇਖਦੇ ਹੋਏ ਆਖਿਆ ।
'ਮੁਆਫ਼ੀ ਦੀ ਕੋਈ ਗੱਲ ਨਹੀਂ, ਮਿਸਟਰ ਫ਼ਜ਼ਲ ਹੁਸੈਨ, ਮੈਂ ਅੱਠ ਮਹੀਨੇ

੧੨੪