ਪੰਨਾ:ਹਾਏ ਕੁਰਸੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੌਣ ਦਿਲਾਂ ਦੀਆਂ ਜਾਣੇ

ਉਸਨੂੰ ਗਲੀ ਵਿਚ ਮੁੜਦੇ ਵੇਖ ਕੇ ਮੈਂ ਸਾਈਕਲ ਉਸ ਦੇ ਕੋਲ ਲਿਜਾ ਕੇ ਬੜੇ ਪਿਆਰ ਨਾਲ ਹੌਲੀ ਜਹੀ ਆਵਾਜ ਵਿਚ 'ਸਤਿ ਸ੍ਰੀ ਅਕਾਲ' ਬੁਲਾਈ। ਉਹ ਖਲੋ ਗਈ ਤੇ ਮੇਰੇ ਵਲ ਮੂੰਹ ਕਰ ਕੇ ਬੜੀ ਮਧੁਰ ਤੇ ਮਿਠੀ ਸੁਰ ਵਿਚ ਬੋਲੀ, "ਸਤਿ ਸ੍ਰੀ ਅਕਾਲ, ਕੀ ਹੁਕਮ ਏ?"

ਉਸ ਦੀ ਪਿਆਰੀ ਤੇ ਮਧੁਰ ਆਵਾਜ਼ ਨੇ ਮੇਰੇ ਮਨ ਦੇ ਤਾਰ ਟੁੰਬ ਦਿੱਤੇ; ਅਰਸ਼ੀ ਸੰਗੀਤ ਦੀਆਂ ਲਹਿਰਾਂ ਨੇ ਕੰਨਾਂ ਰਾਹੀਂ ਪ੍ਰਵੇਸ਼ ਕਰ ਕੇ ਦਿਲ ਨੂੰ ਵਿਆਕੁਲ ਕਰ ਦਿੱਤਾ। ਉਸ ਦੀ ਸੋਹਣੀ ਸੂਰਤ ਨੂੰ ਵੇਖਦੇ ਤੇ ਉਸ ਦੇ ਸੁਹਪਣ ਦੀ ਮਧ ਨੂੰ ਅੱਖਾਂ ਨਾਲ ਡੀਕ ਲਾ ਕੇ ਪੀਦੇ ਤੇ ਇਸ ਡਰ ਤੋਂ ਕਿ ਇਹ ਮਧ ਫਿਰ ਬਾਹਰ ਨਾਂ ਆ ਜਾਏ, ਆਪਣੀਆਂ ਅੱਖਾਂ ਬੰਦ ਕਰਦੇ ਹੋਏ ਬੜੀ ਹੌਲੀ ਜਹੀ ਬੋਲਿਆ, "ਹੁਕਮ!" ਇਕ ਮਿੰਟ ਇਸੇ ਤਰ੍ਹਾਂ ਪ੍ਰੇਮ ਖੁਮਾਰੀ ਵਿਚ ਕੱਟਿਆ ਤੇ ਆਲੇ ਦੁਆਲੇ ਪਸਰੀ ਚੁਪ ਤੋਂ ਜ਼ਰਾ ਪ੍ਰਭਾਵਤ ਹੁੰਦੇ ਹੋਏ ਅੱਖਾਂ ਖੋਹਲੀਆਂ, ਪਰ ਉਹ ਉਥੇ ਹੈ ਨਹੀਂ ਸੀ।

ਦਰਬਾਰ ਸਾਹਿਬ ਇਸ ਲਈ ਜਾਣਾ ਸ਼ੁਰੂ ਕੀਤਾ ਸੀ, ਕਿ ਆਪਣੇ ਉਜੜੇ ਮਨ ਨੂੰ ਬਾਣੀ ਦਾ ਗਿਆਨ ਦੇ ਕੇ ਕੁਝ ਧਰਵਾਸ ਦੇ ਸਕਾਂ, ਮੈਂ ਇਸ ਮਨੋਰਥ ਵਿਚ ਸਫਲ ਵੀ ਹੋ ਰਿਹਾ ਸਾਂ ਤੇ ਬਾਣੀ ਨੂੰ ਇਕ ਮਨ ਹੋ ਕੇ, ਸੁਣ ਕੇ ਤੇ ਉਸ ਨੂੰ ਵਿਚਾਰਣ ਦੇ ਪ੍ਰਯੋਜਨ ਵਿਚ ਦਿਨੋਂ ਦਿਨ ਵਧੇਰੇ ਸਫਲਤਾ ਪ੍ਰਾਪਤ ਕਰ ਰਿਹਾ ਸਾਂ, ਜੋ ਇਕ ਦਿਨ ਸਹਿਜ ਸੁਭਾ ਹੀ ਮੇਰੀ ਨਜ਼ਰ ਉਸ ਤੇ ਪਈ, ਜਦ ਕਿ ਉਹ ਮਹਾਰਾਜ ਅਗੇ ਮਥਾ ਟੇਕ ਰਹੀ ਸੀ। ਉਹ ਮਥਾ ਟੇਕਦੀ ਰਹੀ ਤੇ ਮੇਰੀ ਨਜ਼ਰ ਉਸ ਤੇ ਟਿਕੀ ਰਹੀ। ਉਸ ਦੇ ਮਥਾ ਟੇਕਣ ਵਿਚ ਇਕ ਅਨੋਖਾ-ਪਣ ਸਹੀ ਹੁੰਦਾ ਸੀ। ਕਿੰਨਾਂ ਕਿੰਨਾਂ ਚਿਰ ਉਹ ਹਥ ਜੋੜ ਕੇ ਤੇ ਸਿਰ ਨਿਵਾ ਕੇ ਗੋਡਿਆਂ ਭਾਰ ਹੋਈ ਰਹਿੰਦੀ, ਫਿਰ ਸਿਰ ਸੰਗ-ਮਰਮਰ ਦੇ ਫਰਸ਼ ਤੇ ਰਖ ਕੇ ਤੇ ਹਥ ਜੋੜ ਕੇ ਇਤਨਾ ਚਿਰ ਮਥਾ ਟੇਕੀ ਰਹਿੰਦੀ ਕਿ

੨੧