ਪੰਨਾ:ਹਾਏ ਕੁਰਸੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਂ ਮੰਨਣਾ ਕਾਇਰਤਾ ਹੈ, ਵੈਸੇ ਹਰੇਕ ਪੁਰਸ਼ ਆਪਣੇ ਗੁਣ ਤੇ ਔਗੁਣ ਨੂੰ ਜਾਣਦਾ ਹੈ।

ਅਸੀਂ ਇਕ ਦੂਜੇ ਨੂੰ ਪਿਆਰ-ਤਕਣੀ ਨਾਲ ਵੇਖਦੇ ਰਹੇ। ਸਾਨੂੰ ਇਕ ਦੂਜੇ ਲਈ ਖਿਚ ਸਾਂਭ ਰਖਿਆ ਦੋ ਸਾਲ ਬੀਤ ਗਏ। ਨਾ ਤਾਂ ਮੈਂ ਗੱਲ ਕਰਨ ਦਾ ਉਸ ਨਾਲ ਕਦੇ ਹੀਆ ਕੀਤਾ ਤੇ ਨਾ ਹੀ ਉਸ ਨੇ ਕਦੇ ਮੈਨੂੰ ਪਤਾ ਲਗਣ ਦਿੱਤਾ ਕਿ ਉਹ ਮੇਰੇ ਨਾਲ ਕਦੇ ਕੋਈ ਗੱਲ ਕਰਨਾ ਚਾਹੁੰਦੀ ਹੈ, ਪਰ ਅਸੀਂ ਦੋਵੇਂ ਭਲੀ ਭਾਂਤ ਜਾਣਦੇ ਸਾਂ ਕਿ ਸਾਡੇ ਦਿਲਾਂ ਵਿਚ ਇਕ ਦੂਜੇ ਲਈ ਜੀਊਣ-ਖਿਚ ਸੀ, ਤੜਪ ਸੀ, ਪਿਆਰ ਸੀ ਤੇ ਇਸ ਪਿਆਰ ਵਿਚ ਇਕ ਦੂਜੇ ਵਿਚ ਅਭੇਦ ਹੋ ਜਾਣ ਦੀ ਤੀਬਰ ਇੱਛਾ ਸੀ। ਅਸੀਂ ਇਕ ਦੂਜੇ ਨਾਲ ਗਲ ਕਿਉਂ ਨਾ ਕਦੇ ਕੀਤੀ? ਇਸ ਦਾ ਕਾਰਨ ਮੈਂ ਤਾਂ ਇਹ ਹੀ ਆਖਾਂਗਾ ਕਿ ਅਸੀਂ ਦੋਵੇਂ ਕਾਇਰ ਸਾਂ। ਪਿਆਰ ਸਦਾ ਕਾਇਰ ਹੁੰਦਾ ਹੈ। ਅਸੀਂ ਇਕ ਦੂਜੇ ਵਲ ਵੇਖਦੇ ਰਹੇ, ਇਕ ਦੂਜੇ ਨੂੰ ਮਿਲਦੇ ਰਹੇ, ਪਰ ਦੋਹਾਂ ਦੇ ਬੁਲ੍ਹਾਂ ਤੇ ਐਸਾ ਜੰਦਰਾ ਲਗਾ ਹੋਇਆ ਸੀ, ਜਿਸ ਦੀ ਚਾਬੀ ਨਾ ਉਸ ਪਾਸ ਸੀ ਤੇ ਨਾ ਹੀ ਮੇਰੇ ਪਾਸ।

ਇਕ ਦਿਨ ਸਵੇਰ ਨੂੰ ਦਰਬਾਰ ਸਾਹਿਬ ਤੋਂ ਉਠ ਕੇ ਸਵਾਰੀ ਦੀ ਸੇਵਾ ਲਈ ਜਾਂਦੇ ਹੋਏ ਉਹ ਮੈਨੂੰ ਫਿਰ ਮਿਲੀ । ਉਸ ਮੈਨੂੰ ਤਕਿਆ ਤੇ ਮੈਂ ਉਸ ਨੂੰ। ਜਦ ਅਸੀਂ ਇਕ ਦੂਜੇ ਕੋਲੋਂ ਲੰਘਣ ਲਗੇ ਤਾਂ ਬੁਲ੍ਹ ਦਬ ਕੇ ਮੈਂ ਝਕਦੇ ਝਕਦੇ ਆਖਿਆ, "ਬੀਬੀ ਜੀ!" ਉਹ ਮੁਸਕਰਾ ਪਈ ਤੇ ਮੂੰਹੋ ਕੁਝ ਸ਼ਬਦ ਕਢ ਕੇ ਉਥੋਂ ਛੇਤੀ ਚਲੀ ਗਈ। ਮੈਂ ਗੱਲ ਨੂੰ ਸਮਝ ਨਾ ਸਕਿਆ ਤੇ ਉਸ ਵਲ ਵੇਖ ਕੇ, ਪਰਤਾ ਕੇ ਪੁਛੇ ਬਿਨਾਂ ਹੀ ਅਗੇ ਟੁਰ ਪਿਆ। ਦਿਲ ਦੀ ਤੜਫਣ ਵਧ ਗਈ ਸੀ, ਸੋਚਦਾ ਸਾਂ ਕਿ ਕੀ ਆਖ ਗਈ ਸੀ। ਦੂਜੇ ਦਿਨ ਦਰਬਾਰ ਸਾਹਿਬੋਂ ਉਠ ਕੇ ਉਹ ਆਪਣੇ ਘਰ ਵਲ ਚਲੀ ਗਈ ਤੇ ਮੈਂ ਵੀ ਜਾਣ ਲਈ ਉਠ ਪਿਆ। ਮੈਂ ਉਸ ਨੂੰ ਗਲੀ ਵਿਚ ਮੁੜਦਿਆਂ ਤਕਿਆ ਤੇ ਜਾ ਕੇ ਸਿਰਫ ਇਤਨਾ ਹੀ ਆਖਿਆ, "ਬੀਬੀ ਜੀ, ਸਤਿ ਸ੍ਰੀ ਅਕਾਲ!" ਉਸ ਨੇ ਪਿਛੇ ਪਰਤਦੇ ਹੋਏ ਕੇਵਲ ਇਤਨਾ ਹੀ ਆਖਿਆ, “ਸਤਿ ਸ੍ਰੀ ਅਕਾਲ, ਕੀ ਹੁਕਮ ਏ?" ਮੈਂ ਸ਼੍ਰਿਸ਼ਟੀ ਦੇ ਸਾਰੇ ਸਿਤਾਰੇ ਆਪਣੇ ਲਈ ਚਮਕਦੇ ਵੇਖੇ ਤੇ ਉਹਨਾਂ ਦੀ ਚਮਕ ਦਾ ਸੁਆਦ ਮਾਨਣ ਲਈ ਅੱਖਾਂ ਬੰਦ ਕਰ ਲਈਆਂ ਤੇ ਉਹ ਅਲੋਪ ਹੋ ਗਈ।

ਅਗਲੇ ਦਿਨ ਮੈਂ ਉਸ ਨੂੰ ਫੇਰ ਮਿਲਿਆ ਤੇ ਬੜੀ ਨਿਮਰਤਾ ਨਾਲ ਪੁਛਿਆ, "ਜੀ ਆਪ ਨੇ ਉਸ ਦਿਨ ਦਰਬਾਰ ਸਾਹਿਬ ਕੀ ਫੁਰਮਾਇਆ ਸੀ?"

੨੩