ਪੰਨਾ:ਹਾਏ ਕੁਰਸੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੁਝ ਹੌਲੇ ਦਰਜੇ ਦੀਆਂ ਗਲਾਂ ਸ਼ੁਰੂ ਹੋ ਗਈਆਂ । ਪਿੰਸੀਪਲ ਨੇ ਡਾਹਡੀ ਗੰਭੀਰਤਾ ਨਾਲ ਪ੍ਰੋ: ਭੱਲਾ ਨੂੰ ਵਿਆਹ ਕਰਵਾਉਣ ਲਈ ਆਖਿਆ ਤੇ ਆਪਣੀ ਭਤੀਜੀ ਦਾ ਸਾਕ ਦੇਣ ਦਾ ਵੀ ਇਸ਼ਾਰਾ ਕੀਤਾ | ਪਰ ਪ੍ਰੋਫੈਸਰ ਨੇ ਇਹ ਆਖ ਕੇ ਨਾਂਹ ਕਰ ਦਿੱਤੀ, ਕਿ ਉਹ ਦੀ ਮਾਇਕ ਦਸ਼ਾ ਹਾਲੀ ਵਿਆਹ ਕਰਾਉਣ ਦੀ ਆਗਿਆ ਨਹੀਂ ਦੇਂਦੀ । ਇਸ ਪਿਛੋਂ ਹਾਸੇ ਮਖੌਲ ਦੀਆਂ ਗਲਾਂ ਚਲ ਪਈਆਂ ਤੇ ਪ੍ਰੋਫੈਸਰ ਸਾਹਿਬ ਦੇ ਨਿਕਟ ਵਰਤੀ ਤੇ ਗਵਾਂਢੀ ਪ੍ਰੋਫੈਸਰ ਰੋਡੇ ਨੇ ਇਹ ਗਲ ਆਖ ਕੇ ਸਾਰਾ ਮੁਆਮਲਾ ਹਾਸੇ ਵਿਚ ਪਾ ਦਿੱਤਾ ਸੀ ਕਿ ਪ੍ਰੋਫੇਸਰ ਭੱਲਾ ਕਿਸੇ ਕੰਵਾਰੀ ਨਾਲ ਵਿਆਹ ਨਹੀਂ ਸਨ ਕਰਵਾਉਣ ਨੂੰ ਤਿਆਰ ਕਿਉਂ ਜੋ ਉਹਨਾਂ ਨੂੰ 'ਦੁੱਧ ਵਾਲੀ' ਚੰਗੀ ਲਗਦੀ ਸੀ । ਮੀਟਿੰਗ ਖਤਮ ਹੋਣ ਤੇ ਪ੍ਰੋ: ਭੱਲਾ ਤੇ ਪ੍ਰੋ: ਰੋਡੇ ਵਿਚ ਕਾਫੀ ਬੋਲ ਬੁਲਾਰਾ ਵੀ ਹੋਇਆ ਸੀ ਤੇ ਉਹ ਆਪਸ ਵਿਚ ਇਸ ਗਲ ਦੇ ਕਾਰਨ ਛੇ ਮਹੀਨੇ ਬੋਲੇ ਵੀ ਨਹੀਂ ਸਨ ।
ਪ੍ਰੋਫੈਸਰ ਸਾਹਿਬ ਦੇ ਸਾਥੀਆਂ ਨੇ ਉਸ ਨੂੰ ਪ੍ਰਿੰਸੀਪਲ ਦੀ ਭਤੀਜੀ ਨਾਲ ਵਿਆਹ ਕਰਾਉਣ ਲਈ ਜ਼ੋਰ ਵੀ ਦਿੱਤਾ ਸੀ ਤੇ ਇਸ ਰਿਸ਼ਤੇ ਦੇ ਗੁਣ ਵੀ ਦਸੇ ਸਨ, ਪਰ ਪ੍ਰੋਫੈਸਰ ਭੱਲਾ ਨੇ ਇਹ ਗਲ ਆਖ ਕੇ ਉਨ੍ਹਾਂ ਨੂੰ ਮਗਰੋਂ ਲਾਹਿਆ ਸੀ ਕਿ ਖਤਰੀ ਘਰਾਣੇ ਦੀ ਉਚੀ ਜ਼ਾਤ ਦੇ ਹੁੰਦੇ ਹੋਏ ਉਹ ਅਰੋੜਿਆਂ ਵਿਚ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ । ਕਿਉਂ ਜੋ ਉਸ ਦੇ ਖਿਆਲਾਂ ਅਨੁਸਾਰ ਅਰੋੜੇ ਇਕ ਘਟੀਆ ਤੇ ਕਮੀਨੀ ਜ਼ਾਤ ਸੀ । ਉਸ ਦੇ ਸਾਥੀਆਂ ਨੇ ਇਹ ਆਖ ਕੇ ਉਹਨੂੰ ਠਿਠ ਵੀ ਕੀਤਾ ਸੀ ਕਿ ਪੜ੍ਹ ਲਿਖ ਕੇ ਤੇ ਫਿਰ ਇਸ ਤਰੱਕੀ ਦੇ ਜ਼ਮਾਨੇ ਵਿਚ ਉਸ ਦੇ ਖਿਆਲ ਬੂਰਜ਼ਵਾ ਸਨ ਪਰ ਉਸ ਨੇ ਕੋਈ ਪ੍ਰਵਾਹ ਨਾ ਕੀਤੀ । ਅਸਲ ਕਾਰਨ ਪ੍ਰਿੰਸੀਪਲ ਦੀ ਭਤੀਜੀ ਨਾਲ ਵਿਆਹ ਨਾਂ ਕਰਵਾਉਣ ਦਾ ਸੀ, ਉਸ ਲੜਕੀ ਦਾ ਮਧਰਾ ਕਦ ਤੇ ਸਾਂਵਲਾ ਰੰਗ । ਇਹ ਕਾਰਨ ਦਸ ਕੇ ਉਹ ਪ੍ਰਿੰਸੀਪਲ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ । ਉਹ ਨੂੰ ਪਤਾ ਸੀ ਕਿ ਇਹ ਗਲਾਂ ਅਫਸਰਾਂ ਦੇ ਪਿਠੂ ਅਫਸਰਾਂ ਤਕ ਜ਼ਰੂਰ ਪੁਚਾ ਦੇਦੇ ਹਨ । ਇਸ ਲਈ ਉਹ ਅਸਲ ਕਾਰਨ ਕਿਸੇ ਨੂੰ ਨਹੀਂ ਸੀ ਦਸਦਾ ।
ਪ੍ਰੋਫੈਸਰ ਭੱਲਾ ਛੜਿਆਂ ਦਾ ਜੀਵਨ ਬਤੀਤ ਕਰਿਆ ਕਰਦਾ ਸੀ । ਮਾਡਲ ਟਾਊਨ ਵਿਚ ਉਸ ਇਕ ਬੈਠਕ ਕਿਰਾਏ ਤੇ ਲਈ ਹੋਈ ਸੀ ਤੇ ਦੁੱਧ ਚਾਹ ਘਰ ਬਣਾਂਦਾ ਸੀ ਬਿਜਲੀ ਦੇ ਹੀਟਰ ਤੇ; ਰੋਟੀ ਖਾਂਦਾ ਸੀ ਹੋਟਲ ਤੋਂ ਇਸ ਪ੍ਰਕਾਰ ਦਾ

੭੩