ਪੰਨਾ:ਹੀਰ ਵਾਰਸਸ਼ਾਹ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਮੇਰੇ ਬਾਝ ਲੈਸੀ ਕੌਣ ਖ਼ਬਰ ਤੇਰੀ ਰੁਲਸੇਂ ਵਿੱਚ ਅਰੂੜੀਆਂ ਖਾਈਆਂ ਵੇ
ਇਹ ਸਹੇਲੀਆਂ ਭੀ ਮੂੰਹ ਲਗਦੀਆਂ ਸਨ ਸਿਰਾਂ ਨਾਲ ਹੋਵਣ ਪਾਤਸ਼ਾਹੀਆਂ ਵੇ
ਕੀਤੀ, ਜੁਦਾ ਕਜ਼ਾ ਨੇ ਡਾਰ ਵਿਚੋਂ ਕੂੰਜ ਵਾਂਗ ਮੈਂ ਹੀਰ ਕੁਰਲਾਈਆਂ ਵੇ
ਜਾਂਦੀ ਪੇਸ਼ ਨਾ ਡਾਢਿਆਂ ਨਾਲ ਕੋਈ ਕੂਕਾਂ ਦਿੱਤੀਆਂ ਲੱਖ ਦੁਹਾਈਆਂ ਵੇ
ਰੱਜ ਵੇਖਿਆ ਨਾ ਤੱਤੀ ਮੁੱਖ ਤੇਰਾ ਅਖੀਂ ਰੀਝ ਦੇ ਨਾਲ ਸਨ ਲਾਈਆਂ ਵੇ
ਲਈਆਂ ਲਹਿਣੀਆਂ ਲਾਭ ਸੀ ਝਟ ਜੇੜ੍ਹਾ ਸਾਰੀ ਉਮਰ ਹੁਣ ਦੇਣੀਆਂ ਆਈਆਂ ਵੇ
ਚੁੱਕਾ ਢੋਅ ਨਾ ਕੋਈ ਤਕਦੀਰ ਅਗੇ ਵਾਹੀਂ ਹੀਰ ਥਥੇਰੀਆਂ ਲਾਈਆਂ ਵੇ
ਤੇਰੇ ਨਾਮ ਤੋਂ ਰਾਂਝਿਆ ਲੱਖ ਵਾਰੀ ਬੰਦੀ ਹੀਰ ਮੈਂ ਘੋਲ ਘੁਮਾਈਆਂ ਵੇ
ਇੱਕ ਘੜੀ ਨਾ ਤੁੱਧ ਤੋਂ ਨਿੱਖੜੀ ਸਾਂ ਪਈਆਂ ਲੰਮੀਆਂ ਇਹ ਜੁਦਾਈਆਂ ਵੇ
ਫੁੱਲ ਡਾਲ ਦੇ ਨਾਲ ਸੁਹਾਂਵਦੀ ਸਾਂ ਟੁਟੀ ਗੁੱਛਿਓਂ ਕਲੀ ਕੁਮਲਾਈਆਂ ਵੇ
ਵਗੀ ਵਾਓ ਵਿਛੋੜੇ ਦੀ ਡੋਲੀਆਂ ਮੈਂ ਲਕੜ ਪੱਤਲੀ ਵਾਂਗ ਝੁਟਲਾਈਆਂ ਵੇ
ਬੰਦੀ ਹੀਰ ਕਮਲੀ ਮਿਹਰਬਾਨ ਰਾਂਝਾ ਸ਼ਰਮਾਂ ਤੁਧ ਨੂੰ ਸਾਰੀਆਂ ਸਾਈਆਂ ਵੇ
ਮੈਨੂੰ ਹੋਰ ਉਮੈਦ ਸੀ ਹੋਰ ਹੋਈ ਰੱਬ ਕੀਤੀਆਂ ਬੇ ਪਰਵਾਹੀਆਂ ਵੇ
ਡਾਢੇ ਰੱਬ ਵਿਛੋੜ ਕੇ ਸੱਜਨਾਂ ਤੋਂ ਵੱਧ ਵੈਰੀਆਂ ਦੂਤੀਆਂ ਪਾਈਆਂ ਵੇ
ਜਿਵੇਂ ਆਬਿ ਫਰਾਤ ਤੇ ਕੁਫਿਆਂ ਨੇ ਖੜੀਆਂ ਬੀਬੀਆਂ ਬੰਨ੍ਹ ਤਰਾਈਆਂ ਵੇ
ਰਹੀ ਚਾਹ ਕਿਨਿਆਨ ਦੀ ਵਿੱਚ ਦਿਲ ਦੇ ਰੱਬ ਮਿਸਰ ਦੇ ਵਲ ਧਕਾਈਆਂ ਵੇ
ਤਦੋਂ ਪਲਕ ਦੀ ਨਹੀਂ ਖਲੀਰ ਹੁੰਦੀ ਜਦੋਂ ਕਿਸਮਤਾਂ ਰੱਬ ਉਠਾਈਆਂ ਵੇ
ਸ਼ਾਲਾ ਸਬਰ ਪਵੇ ਇਨ੍ਹਾਂ ਕੰਮੀਆਂ ਨੂੰ ਦੁਣੀਆਂ ਦੌਲਤਾਂ ਜਿਨ੍ਹਾਂ ਕਮਾਈਆਂ ਵੇ
ਓਹਲੇ ਅਖੀਆਂ ਦੇ ਹੋਣੀ ਮਹਿਰਮਾਂ ਨੂੰ ਅਗੋਂ ਦਿਸਦੀਆਂ ਸੱਭ ਪਰਾਈਆਂ ਵੇ
ਅਗੇ ਸਿਰ ਮੇਰੇ ਉਤੇ ਸੁਝਦੀਆਂ ਨੀ ਪਿੱਛੇ ਕੀਤੀਆਂ ਬਹੁਤ ਸਖ਼ਤਾਈਆਂ ਵੇ
ਮੂੰਹੋਂ ਡਰਦਿਆਂ ਬੋਲ ਨਾ ਸਕਣਾ ਮੈਂ ਚੁੱਪ ਕਰਾਂਗੀ ਨਾਲ ਸ਼ਰਮਾਈਆਂ ਵੇ
ਇਨਾਂ ਨਾਇਣਾਂ ਡਾਇਣਾਂ ਲੋਭ ਪਿੱਛੇ ਦੇ ਦੇ ਮਲਣੀਆਂ ਦੱਬ ਨੁਹਾਈਆਂ ਵੇ
ਬਾਝੋਂ ਟਿਕਿਆਂ ਦੇ ਇਨ੍ਹਾਂ ਮੂੰਹ ਮੇਰੇ ਘੇਰੇ ਘੱਤਕੇ ਜ਼ਰਦੀਆਂ ਆਈਆਂ ਵੇ
ਵੇਖ ਰਾਂਝਿਆ ਹਾਰ ਸ਼ਿੰਗਾਰ ਮੇਰਾ ਜੁਲਫ਼ਾਂ ਖੁਲ੍ਹੀਆਂ ਹਿੱਕ ਤੇ ਆਈਆਂ ਵੇ
ਬਾਸ਼ਕ ਨਾਗ ਜ਼ਿਮੀਂ ਅਸਮਾਨ ਚੱਲੇ ਵਲ ਲੰਕੀਆਂ ਕੀਤੀਆਂ ਧਾਈਆਂ ਵੇ
ਜੋੜੇ ਸਬਜ਼ ਸੂਹੇ ਸਾਵੇ ਵਹੁਟੀਆਂ ਨੇ ਮੇਰੇ ਅੰਗ ਸਫ਼ੈਦੀਆਂ ਲਾਈਆਂ ਵੇ
ਰਖੀਂ ਕਦਮ ਰੰਝੇਟਿਆ ਸੇਜ ਉਤੇ ਖਾਤਰ ਸ਼ਰਹ ਦੀ ਹੋਣ ਵਿਛਾਈਆਂ ਵੇ
ਜ਼ੋਰਾਵਰਾਂ ਸਿਪਾਹੀਆਂ ਢੱਕ ਬੱਧੀ ਕਿਸੇ ਆਣ ਨਾ ਮੂਲ ਛੁਡਾਈਆਂ ਵੇ