ਪੰਨਾ:ਹੀਰ ਵਾਰਸਸ਼ਾਹ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਗਲਾਂ ਹੀਰ ਦੇ ਦਿਲ ਦੀਆਂ ਹੀ ਜਾਣੇ ਕੋਈ ਓਸ ਦਾ ਭੇਤ ਨਾ ਪਾਇਓ ਨੇ
ਰਾਂਝਾ ਰੋਂਦੜਾ ਪਿਛ੍ਹਾਂ ਨੂੰ ਰਵਾਂ ਹੋਯਾ ਕੋਈ ਵੱਸ ਨਾ ਚੱਲਦਾ ਲਾਇਓ ਨੇ
ਦੇਖੋ ਇਹ ਭੀ ਕੁਦਰਤਾਂ ਰੱਬ ਦੀਆਂ ਭੁਖਾ ਜੰਨ ਤੋਂ ਦੂਰ ਕਢਾਇਓ ਨੇ
ਖੇੜੇ ਆਖਦੇ ਫੇਰ ਨਾ ਮਿਲਣ ਇਹੋ ਹੀਰ ਰਾਂਝੇ ਤੋਂ ਚਾ ਅਟਕਾਇਓ ਨੇ
ਵਾਰਸਸ਼ਾਹ ਕਬੀਲੜਾ ਖੁਸ਼ੀ ਸ਼ਾਰਾ ਰਾਂਝਾ ਹੀਰ ਦਲਗੀਰ ਕਰਾਇਓ ਨੇ

ਕਲਮ ਹੀਰ ਰਾਂਝੇ ਨਾਲ

ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ ਮੇਰੇ ਵਸ ਥੀਂ ਗਲ ਬੇ-ਵੱਸ ਹੋਈ
ਕਾਜ਼ੀ ਮਾਪਿਆਂ ਭਾਈਆਂ ਬੰਨ੍ਹ ਮਾਰੀ ਮੈਂਡੀ ਤੈਂਡੜੀ ਦੋਸਤੀ ਬੱਸ ਹੋਈ
ਘਰੀਂ ਖੇੜਿਆਂ ਦੇ ਨਹੀਂ ਵਸਣਾ ਮੈਂ ਸਾਡੇ ਨਾਲ ਉਨ੍ਹਾਂ ਖੱਰਖੱਸ ਹੋਈ
ਜਾਂ ਜੀਵਾਂਗੀ ਮਿਲਾਂਗੀ ਰੱਬ ਮੇਲੇ ਹਾਲ ਸਾਲ ਤਾਂ ਦੋਸਤੀ ਬੱਸ ਹੋਈ
ਮੈਂ ਤਾਂ ਰੋਂਦੜੀ ਰਹਾਂਗੀ ਉਮਰ ਸਾਰੀ ਸਾਡੇ ਦੂਤੀਆਂ ਦੇ ਸਿਰ ਭੱਸ ਹੋਈ
ਕਿਸਮਤ ਨਾਲ ਤੈਨੂੰ ਮਿਲਸਾਂ ਰਾਂਝਿਆਂ ਵੇ ਭਾ ਅਸਾਂ ਦੇ ਹਾਲ ਖਰਖੱਸ ਹੋਈ
ਕਹੇ ਚੰਦਰੇ ਵਕਤ ਸੀ ਨੇਹੁੰ ਲੱਗਾ ਸਭ ਰੱਸ ਦੀ ਬਾਤ ਬੇ-ਰੱਸ ਹੋਈ
ਵਾਰਸਸ਼ਾਹ ਤੋਂ ਪੁੱਛ ਲੈ ਲੇਖ ਮੇਰੇ ਹੋਣੀ ਹੀਰ ਨਿਮਾਣੀ ਦੀ ਸੱਸ ਹੋਈ

ਕਲਮ ਰਾਂਝੇ

ਜੋ ਕੁਝ ਵਿਚ ਰਜ਼ਾ ਦੇ ਲਿੱਖ ਦਿਤਾ ਮੂੰਹੋਂ ਬੱਸ ਨਾ ਆਖੀਏ ਭੈੜੀਏ ਨੀ
ਸੁੰਞਾ ਸਖਣਾ ਚਾਕ ਨੂੰ ਰੱਖਿਆ ਈ ਮਥੇ ਭੌਰੀਏ ਚੰਦਰੀਏ ਚੈੜੀਏ ਨੀ
ਜੇਕਰ ਮੰਤਰ ਕੀਲ ਦਾ ਨਾ ਆਵੇ ਐਵੇਂ ਸੁੱਤੜੇ ਨਾਗ ਨਾ ਛੇੜੀਏ ਨੀ
ਇਕੇ ਯਾਰ ਦੇ ਨਾਮ ਤੋਂ ਫ਼ਿਦਾ ਹੋਈਏ ਮਹੁਰਾ ਦੇ ਕੇ ਇਕੇ ਨਬੇੜੀਏ ਨੀ
ਜੇ ਨਾ ਉਤਰੀਏ ਯਾਰ ਦੇ ਨਾਲ ਪੂਰੇ ਐਡੇ ਪਿੱਟਣੇ ਨਾ ਸਹੇੜੀਏ ਨੀ
ਦਗ਼ਾ ਦੇਵਣਾ ਹੋਵੇ ਜਿਸ ਆਦਮੀ ਨੂੰ ਪਹਿਲੇ ਰੋਜ਼ ਹੀ ਚਾ ਖਦੇੜੀਏ ਨੀ
ਉਸਦੇ ਨਾਲ ਨਾ ਹਰਗਿਜ਼ ਗਲ ਕਰੀਏ ਗੁਸੇ ਨਾਲ ’ਚ ਦਿਲੋਂ ਨਖੇੜੀਏ ਨੀ
ਵਾਰਸਸ਼ਾਹ ਪਿਆਸ ਨਾ ਹੋਏ ਅੰਦਰ ਸ਼ੀਸ਼ੇ ਸ਼ਰਬਤਾਂ ਦੇ ਨਾਹੀਂ ਛੇੜੀਏ ਨੀ

ਕਲਮ ਹੀਰ

ਮਾਈਏਂ ਪਈ ਸਾਂ ਹਿਜ਼ਰ ਦੇ ਵਿੱਚ ਤੇਰੇ ਤੈਨੂੰ ਰਾਂਝਿਆ ਪਾਸ ਬੁਲਾਉਂਦੀ ਮੈਂ
ਮਖਣ ਖੰਡ ਮਲਾਈ ਤੇ ਦੁਧ ਚੂਰੀ ਹੱਥੀਂ ਆਪਣੀ ਕੁਟ ਖੁਵਾਉਂਦੀ ਮੈਂ
ਲਾਵਾਂ ਲੈਂਦੜੀ ਸ਼ੌਕ ਦੇ ਨਾਲ ਤੇਰੇ ਚੌਂਕ ਫੁਲ ਪਾ ਸੀਸ ਗੁੰਦਾਉਂਦੀ ਮੈਂ
ਛਲੇ ਕੜੇ ਪੰਜਾਂਗਲੇ ਪਏ ਚੌਂਕੀ ਮਹਿੰਦੀ ਘੋਲ ਕੇ ਰੰਗਲੀ ਲਾਉਂਦੀ ਮੈਂ
ਬਾਹੀਂ ਲਾਲ ਚੂੜਾ ਬਾਜ਼ੂਬੰਦ ਟਾਡਾਂ ਧੜੀ ਨਾਲ ਸੰਧੂਰ ਦੇ ਲਾਉਂਦੀ ਮੈਂ