ਪੰਨਾ:ਹੀਰ ਵਾਰਸਸ਼ਾਹ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਸਿਰ ਸਿਆਲਾਂ ਤੇ ਖੇੜਿਆਂ ਭੱਸ ਪਾ ਕੇ ਸੋਹਣੇ ਯਾਰ ਦਾ ਨਾਂ ਧਿਆ ਮਰੀਏ
ਛਡ ਰੰਗ ਮਹਲ ਤੇ ਮਾੜੀਆਂ ਨੂੰ ਅਗੇ ਚਾਕ ਦੇ ਸਿਰ ਨਿਵਾ ਮਰੀਏ
ਕਿਸੇ ਰੋਜ਼ ਦਾ ਹੁਸਨ ਮਹਿਮਾਨ ਤੇਰਾ ਸਿਰ ਕਿਸੇ ਦੇ ਵਰੀ ਚੜ੍ਹਾ ਮਰੀਏ
ਭੱਠ ਤੱਕਣੀ ਆਸ ਬੇਗਾਨੜੀ ਜੇ ਹਥੋਂ ਆਪਣੀ ਖ਼ੈਰ ਕਮਾ ਮਰੀਏ
ਖੋਹ ਮੀਢੀਆਂ ਮੌਲੀਆਂ ਗੁੰਦੀਆਂ ਨੂੰ ਧੜੀ ਧੂੜੀਆਂ ਦੀ ਸਵਾਹ ਲਾ ਮਰੀਏ
ਠੱਪ ਇਲਮ ਕਿਤਾਬ ਹਕਾਇਤਾਂ ਨੂੰ ਹਰਫ਼ ਇਸ਼ਕ ਦਾ ਵਿਰਦ ਪਕਾ ਮਰੀਏ
ਰਹੇ ਦਿਲ ਦੇ ਵਿਚ ਅਫਸੋਸ ਨਾਹੀਂ ਯਾਰ ਰੱਜ ਕੇ ਗਲੇ ਲਗਾ ਮਰੀਏ
ਵਾਰਸਸ਼ਾਹ ਨਾ ਮਿਲੇ ਦਰਗਾਹ ਢੋਈ ਜੇਕਰ ਯਾਰ ਤੋਂ ਮੁੱਖ ਭਵਾ ਮਰੀਏ

ਮਹੀਨਾ ਫਗਣ

ਫਗਣ ਮਾਹ ਦੀ ਰੁਤ ਜਾਂ ਆਣ ਪਹੁੰਚੀ ਖਿੜੇ ਬਾਗ ਤੇ ਖੂਬ ਬਹਾਰ ਹੋਈ
ਸਬਜ਼ ਬੂਟਿਆਂ ਨੂੰ ਲਗੇ ਫੁੱਲ ਤਾਜੇ ਹਰ ਬਾਗ ਦੇ ਵਿਚ ਗੁਲਜ਼ਾਰ ਹੋਈ
ਮਾਣਨ ਨਿੱਤ ਬਹਾਰ ਦੀ ਮੌਜ ਸਈਆਂ ਤਪੀ ਪਈ ਹਾਂ ਜੀ ਅਵਾਜ਼ਾਰ ਹੋਈ
ਤੇਗ਼ ਇਸ਼ਕ ਦੀ ਬਾਝ ਤਕਦੀਰ ਕੁੱਠੀ ਮੇਰੀ ਹਸ਼ਰ ਦੇ ਤੀਕ ਪੁਕਾਰ ਹੋਈ
ਬੀਬੀ ਫ਼ਾਤਮਾ ਦੀ ਖਿਦਮਤ ਵਿਚ ਹੋਸਾਂ ਖੁਲ੍ਹੇ ਵਾਲ ਤੇ ਹਾਲ ਖੁਆਰ ਹੋਈ
ਦੁਖਾਂ ਵਿਚ ਵਿਹਾਉਂਦੀ ਉਮਰ ਮੇਰੀ ਰਾਂਝੇ ਬਾਝ ਨਾ ਕਿਸੇ ਦਰਕਾਰ ਹੋਈ
ਮੈਨੂੰ ਨਿਜ ਜਣੇਂਦੀਏ ਅੰਬੜੀਏ ਨੀ ਮੇਰੀ ਜਾਨ ਨਾ ਪਾਰ ਉਰਾਰ ਹੋਈ
ਲੋਕ ਹੱਸਦੇ ਖੁਸ਼ੀ ਦੇ ਨਾਲ ਖੇਡਣ ਸ਼ਾਇਦ ਅਸਾਂ ਦੀ ਖੁਸ਼ੀ ਖੁਆਰ ਹੋਈ
ਲੋਕ ਹੱਸਦੇ ਰੱਸਦੇ ਵੱਸਦੇ ਨੀ ਸਾਡੇ ਭਾ ਦੀ ਤਾਂ ਖੁਸ਼ੀ ਖਾਰ ਹੋਈ
ਵਾਰਸਸ਼ਾਹ ਰੰਝੇਟੇ ਦੇ ਬਾਝ ਜੱਟੀ ਦਿਨੋ ਦਿਨ ਹੀ ਵੱਧ ਬੀਮਾਰ ਹੋਈ

ਮਹੀਨਾ ਚਤ

ਚੜ੍ਹਦੇ ਚੇਤਰ ਮਾਹ ਨੂੰ ਸੱਭ ਸਈਆਂ ਰੱਲ ਬਿੰਦੀਆਂ ਟੁੱਕਲੇ ਲਾਂਦੀਆਂ ਨੇ
ਹਥੀਂ ਪਾ ਕੰਗਣ ਪਹਿਣ ਜ਼ਰੀ ਜ਼ੇਵਰ ਪੈਰੀਂ ਝਾਂਜਰਾਂ ਖ਼ਬ ਛਣਕਾਂਦੀਆਂ ਨੇ
ਵਾਲੀਂ ਅਤਰ ਅਮੀਰ ਫੁਲੇਲ ਲਾਵਣ ਨਾਲ ਸੱਧਰਾਂ ਸੀਸ ਗੁੰਦਾਂਦੀਆਂ ਨੇ
ਖਾਤਰ ਖਾਂਵਦਾਂ ਹਾਰ ਸ਼ਿੰਗਾਰ ਕਰਕੇ ਬਣ ਢੱਬ ਕੇ ਨਿੱਤ ਵਖਾਂਦੀਆਂ ਨੇ
ਕੋਲ ਸਜਣਾਂ ਦੇ ਖੁਸ਼ੀ ਰਹਿੰਦੀਆਂ ਨੇ ਮੇਰੇ ਵਾਂਗ ਨਾ ਕਾਗ ਉਡਾਂਦੀਆਂ ਨੇ
ਆਪੋ ਆਪਣੇ ਦਿਲ ਦਿਆਂ ਮਹਿਰਮਾਂ ਨੂੰ ਨਾਲ ਸ਼ੌਕ ਕਲਾਵੀਆਂ ਪਾਂਦੀਆਂ ਨੇ
ਮੈਂ ਤਤੜੀ ਦਾ ਮਾਹੀ ਕੋਲ ਨਾਹੀਂ ਮੇਰੇ ਜੀਉ ਵਿਚ ਕਾਤੀਆਂ ਜਾਂਦੀਆਂ ਨੇ
ਘਰ ਬਾਰ ਵਿਚੋਂ ਡਰ ਆਉਂਦਾ ਏ ਗਲੀਆਂ ਵੇੜ੍ਹਿਆਂ ਦੀਆਂ ਮੈਨੂੰ ਖਾਂਦੀਆਂ ਨੇ
ਨਾਲ ਸ਼ੌਕ ਦੇ ਘਰਾਂ ਦੇ ਵਿਚ ਜਾ ਕੇ ਫੁਲਾਂ ਰੰਗਲੀ ਸੇਜ ਵਛਾਂਦੀਆਂ ਨੇ