ਪੰਨਾ:ਹੀਰ ਵਾਰਸਸ਼ਾਹ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਆਪ ਹੋ ਮਹਿਬੂਬ ਦਾ ਸਤਰ ਬੈਠੇ ਸਾਡੇ ਨੈਣਾਂ ਦੇ ਨੀਰ ਨਖੋੜ ਗਏ
ਵਾਰਸਸ਼ਾਹ ਮੀਆਂ ਮਿਲੀਆਂ ਵਾਰਾਂ ਨੂੰ ਧੜਵੈਲ ਵੇਖੋ ਜ਼ੋਰੋ ਜ਼ੋਰ ਗਏ

ਰਾਂਝੇ ਦੇ ਖਤ ਦਾ ਮਜ਼ਮੂਨ

ਸਾਡੀ ਖੈਰ ਹੈ ਚਾਹੁੰਦੇ ਖੈਰ ਤੇਰੀ ਫੇਰ ਲਿਖੋ ਹਕੀਕਤਾਂ ਸਾਰੀਆਂ ਜੀ
ਪਾਕ ਰੱਬ ਤੇ ਪੀਰ ਦੀ ਮਿਹਰ ਬਾਝੋਂ ਕੌਣ ਕਟੇ ਮੁਸੀਬਤਾਂ ਭਾਰੀਆਂ ਜੀ
ਮੌਜੂ ਚੌਧਰੀ ਦਾ ਪੁੱਤਰ ਚਾਕ ਹੋਕੇ ਚੂਚਕ ਸਿਆਲ ਦੀਆਂ ਖੋਲੀਆਂ ਚਾਰੀਆਂ ਜੀ
ਦਗ਼ਾ ਦੇ ਕੇ ਆਪ ਚੜ੍ਹ ਜਾਣ ਡੋਲੀ ਚੈਂਚਲਹਾਰੀਆਂ ਇਹ ਕੁਆਰੀਆਂ ਜੀ
ਸੱਪ ਰੱਸੀਆਂ ਦੇ ਕਰਨ ਮਾਰ ਮੰਤਰ ਤਾਰੇ ਦੇਂਦੀਆਂ ਜੇ ਹੇਠ ਖਾਰੀਆਂ ਜੀ
ਪੇਕੇ ਜਟਾਂ ਨੂੰ ਮਾਰ ਫਕੀਰ ਕਰ ਕੇ ਲੈਣ ਸਾਹੁਰੇ ਜਾ ਘੁਮਕਾਰੀਆਂ ਜੀ
ਆਪ ਨਾਲ ਸੁਹਾਗ ਦੇ ਜਾ ਰੱਚਣ ਪਿਛੇ ਲਾ ਜਾਵਣ ਪਿਚਕਾਰੀਆਂ ਜੀ
ਸਰਦਾਰਾਂ ਦਿਆਂ ਪੁੱਤਰਾਂ ਚਾਕ ਕਰਕੇ ਆਪ ਮਲਦੀਆਂ ਜਾਂ ਸਰਦਾਰੀਆਂ ਜੀ
ਜਿਸ ਵਕਤ ਕੋਈ ਉਥੇ ਨਜ਼ਰ ਕਰਦਾ ਖ਼ੂਬ ਕਰਦੀਆਂ ਮਾਰ ਸ਼ਿੰਗਾਰੀਆਂ ਜੀ
ਵਾਰਸਸ਼ਾਹ ਨਾ ਹਾਰਦੀਆਂ ਅਸਾਂ ਕੋਲੋਂ ਰਾਜੇ ਭੋਜ ਥੀਂ ਇਹ ਨਾ ਹਾਰੀਆਂ ਜੀ

ਹੀਰ ਦੇ ਮਿਲਣ ਨੂੰ ਰਾਂਝੇ ਦੀ ਤਦਬੀਰ

ਰਾਂਝੇ ਫਿਕਰ ਕਰਕੇ ਇਹ ਤਜਵੀਜ਼ ਕੀਤੀ ਜਿਵੇਂ ਹੀਰ ਦਾ ਦਰਸ਼ਨ ਪਾ ਲਈਏ
ਸੀਨਾ ਅੱਗ ਫ਼ਿਰਾਕ ਤੂਫਾਨ ਤਾਯਾ ਮਿਲ ਕੇ ਯਾਰ ਨੂੰ ਕਿਵੇਂ ਬੁਝਾ ਲਈਏ
ਧੌਂਸਾ ਇਸ਼ਕ ਦਾ ਨਵੇਂ ਸਿਰ ਫੇਰ ਘੜਿਆ ਦਿੱਲ ਆਪਣੇ ਨੂੰ ਸਮਝਾ ਲਈਏ
ਖਰਾ ਕਠਨ ਦਰਯਾ ਹੈ ਇਸ਼ਕ ਵਾਲਾ ਪਾਰ ਲੰਘਾਏ ਤੁਲ੍ਹਾ ਬਣਾ ਲਈਏ
ਕਰਮਾਂ ਨਾਲ ਹੈ ਲੱਭਦੀ ਢੇਰ ਦੌਲਤ ਤਾਲਿਆ ਹੋਣ ਚੰਗੇ ਗੰਜ ਪਾ ਲਈਏ
ਰਾਂਝੇ ਆਖਿਆ ਟੁੱਟਦੀ ਹੀਰ ਦੌਲਤ ਜਮ ਗਾਲੀਏ ਤਾਂ ਭੇਤ ਪਾ ਲਈਏ
ਰੰਗ ਹੋਰ ਵਟਾਇਕੇ ਜਾ ਵੜੀਏ ਨਾਲ ਹੀਰ ਦੇ ਅੰਗ ਲਗਾ ਲਈਏ
ਉਥੇ ਰੱਬ ਦੇ ਨੂਰ ਦਾ ਖਾਨ ਯਗਮਾਂ ਸ਼ੁਹਦ ਹੋ ਕੇ ਜਰਮ ਵਟਾ ਲਈਏ
ਇੱਕ ਹੋਵਣਾ ਰਿਹਾ ਫਕੀਰ ਮੈਥੋਂ ਜ਼ਰਾ ਇੱਤਨਾ ਵੀ ਵੱਸ ਲਾ ਲਈਏ
ਮੱਖਣ ਪਾਲਿਆ ਚੀਕਣਾ ਨਰਮ ਪਿੰਡਾ ਜਰਾ ਸਵਾਹ ਦੇ ਵਿੱਚ ਰਲਾ ਲਈਏ
ਕਿਸੇ ਜੋਗ਼ੀ ਤੋਂ ਸਿੱਖੀਏ ਸਿਹਰ ਕੋਈ ਚੇਲੇ ਹੋਇਕੇ ਕੰਨ ਪੜਾ ਲਈਏ
ਉਥੇ ਖ਼ੁਦੀ ਗੁਮਾਨ ਮਨਜ਼ੂਰ ਨਾਹੀਂ ਸਿਰ ਵੇਚੀਏ ਤਾਂ ਭੇਤ ਪਾ ਲਈਏ
ਕਿਤੇ ਬੈਠ ਨਵੇਕਲਾ ਸੱਦ ਗੋਸ਼ੇ ਹਰਫ ਇਸ਼ਕ ਦਾ ਦੌਰ ਸਿਖਾ ਲਈਏ
ਮੇਰੇ ਹੋਣ ਨਸੀਬ ਜੇ ਧੁਰੋਂ ਚੰਗੇ ਯਾਰ ਰੱਜ ਕੇ ਅੰਗ ਲਗਾ ਲਈਏ