ਪੰਨਾ:ਹੀਰ ਵਾਰਸਸ਼ਾਹ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਤੇਰੇ ਦੁਆਰ ਜੋਗਾ ਹੋ ਰਿਹਾ ਹਾਂ ਮੈਂ ਜੋਗੀ ਜੱਟ ਨੂੰ ਕਥਾ ਸਮਝਾ ਰਹਿਆ
ਇਸ ਜੋਗ ਤੋਂ ਫ਼ਾਇਦਾ ਕੀ ਤੈਨੂੰ ਤੇਰਾ ਕੰਮ ਆਸਾਨ ਹੁਣ ਆ ਰਹਿਆ
ਤੂੰ ਤਾਂ ਜ਼ਾਹਰਾ ਵਲੀ ਖ਼ੁਦਾਅ ਹੈਂ ਜੀ ਤੇਰਾ ਨਾਮ ਲਿਆਂ ਦੁੱਖ ਜਾ ਰਹਿਆ
ਜਰਮ ਕਰਮ ਤਿਆਗ ਸਰੀਰ ਵਿਚੋਂ ਤੇਰੇ ਦਰਸ ਸੇ ਦੁੱਖ ਮਿਟਾ ਰਹਿਆ
ਪਹੁਤਾ ਕਾਸ਼ ਤੇ ਜੁਦਾ ਅਕਾਸ ਦੋਨੋਂ ਅੰਤ ਚਿੱਤ ਅਕਾਸ ਮੇਂ ਲਾ ਰਹਿਆ
ਤੇਰੇ ਦੁਆਰ ਤੇ ਮਰਾਂਗੇ ਅਸੀਂ ਜੋਗੀ ਨਹੀਂ ਖ਼ੂਨ ਤੇਰੇ ਸਿਰ ਆ ਰਹਿਆ
ਵਾਰਸਸ਼ਾਹ ਮੀਆਂ ਜਿਹਨੂੰ ਇਸ਼ਕ ਲੱਗਾ ਦੀਨ ਦੁਨੀ ਦੇ ਕੰਮ ਥੀਂ ਜਾ ਰਹਿਆ

ਕਲਾਮ ਬਾਲ ਨਾਥ

ਜੋਗੀ ਆਖਦਾ ਆ ਜਿਉਂ ਜਾਣਨਾ ਏਂ ਰਹੀਂ ਇਸ ਖਿਆਲ ਤੋਂ ਬਾਹਜ ਮੀਆਂ
ਸਿਰ ਸਖਤੀਆਂ ਨਰਮੀਆਂ ਝੱਲਣੀਆਂ ਨੀ ਨਹੀਂ ਦੱਸਣਾ ਦਿਲੇ ਦਾ ਰਾਜ਼ ਮੀਆਂ
ਜੋਗੀ ਜੀਉਂਦੀ ਜਾਨ ਮਰ ਜਾਉਣਾ ਏਂ ਏਥੇ ਕੰਮ ਨਹੀਂ ਲਾਡ ਤੇ ਨਾਜ਼ ਮੀਆਂ
ਸਦਾ ਨਬੀਦੇ ਰਾਗ ਨੂੰ ਗਾਉਣਾ ਏਂ ਕਰ ਕੁਰੰਗ ਕਲਬੂਤ ਦਾ ਸਾਜ਼ ਮੀਆਂ
ਜ਼ਿਕਰ ਸ਼ੁਗਲ ਤੇ ਫਿਕਰ ਦੇ ਵਿੱਚ ਰਹਿਣਾ ਹੁ ਹੂ ਦਾ ਨਿੱਤ ਅਵਾਜ਼ ਮੀਆਂ
ਏਥੇ ਆਪਣੇ ਆਪ ਨੂੰ ਗਾਲਣਾ ਏਂ ਨਹੀਂ ਖੇਲਣੇ ਚਰਗ਼ ਤੇ ਬਾਜ਼ ਮੀਆਂ
ਇਸ ਜੋਗ ਦਾ ਜਾਲਣਾ ਬਹੁਤ ਮੁਸ਼ਕਲ ਰੰਗ ਰੰਗ ਦੇ ਸੋਜ਼ ਗੁਦਾਜ਼ ਮੀਆਂ
ਬਹਿਰ ਫ਼ਕਰ ਵਿਚ ਤੁਲ੍ਹਾ ਤਵੱਕਲੀ ਦਾ ਵਾਰਸ ਹਿਰਸ ਦਾ ਰੋੜ੍ਹ ਜਹਾਜ਼ ਮੀਆਂ

ਕਲਾਮ ਸ਼ਾਇਰ

ਜੋ

ਗੀ ਹੋ ਲਾਚਾਰ ਜਾਂ ਮਿਹਰ ਕੀਤੀ ਤਦੋਂ ਚੇਲਿਆਂ ਬੋਲੀਆਂ ਮਾਰੀਆਂ ਨੇ
ਜੀਭਾਂ ਸਾਣ ਚੜ੍ਹਾਇਕੇ ਗਿਰਦ ਹੋਏ ਜਿਵੇਂ ਤਿੱਖੀਆਂ ਤੇਜ਼ ਕਟਾਰੀਆਂ ਨੇ
ਦਿਹੇਂ ਬਣਨ ਅਵਧੂਤ ਗੁਰਦੇਵ ਜੋਗੀ ਕਰਨ ਰਾਤ ਨੂੰ ਬਹੁਤ ਖਵਾਰੀਆਂ ਨੇ
ਵਿੱਚ ਨਰਕ ਦੇ ਹੋਵਸੀ ਵਾਸ ਉਹਨਾਂ ਛੱਡ ਦੰਬੀਆਂ ਸੂਰੀਆਂ ਚਾਰੀਆਂ ਨੇ
ਵੇਖ ਸੋਹਣਾ ਰੰਗ ਜਟੇਟੜੇ ਦਾ ਜੋਗ ਦੇਣ ਦੀਆਂ ਕਰਨ ਤਿਆਰੀਆਂ ਨੇ
ਜੋਗ ਦੇਣ ਨਾ ਮੂਲ ਨਿਮਾਣਿਆਂ ਨੂੰ ਜਿਨ੍ਹਾਂ ਕੀਤੀਆਂ ਮਿਹਨਤਾਂ ਭਾਰੀਆਂ ਨੇ
ਠਰਕ ਮੁੰਡਿਆਂ ਦੇ ਲਗੇ ਜੋਗੀਆਂ ਨੂੰ ਤਾਂ ਜਿਨ੍ਹਾਂ ਦੀਆਂ ਰੱਬ ਨੇ ਮਾਰੀਆਂ ਨੇ
ਵਾਰਸਸ਼ਾਹ ਖੁਸ਼ਾਮਦਾਂ ਸੋਹਣਿਆਂ ਦੀਆਂ ਗੱਲਾਂ ਹਕ ਦੀਆਂ ਨਾ ਨਰਵਾਰੀਆਂ ਨੇ

ਰਾਂਝੇ ਨੇ ਚਲਿਆਂ ਨੂੰ ਆਖਣਾ

ਬਾਲ ਨਾਥ ਜਿਹਾ ਤੁਸਾਂ ਜਾਣਨਾ ਹਾਂ ਜਿਹੜਾ ਹੋਯਾ ਹਾਂ ਤੁਸਾਂ ਦਾ ਖ਼ਾਸ ਭਾਈ
ਸਭ ਦਯਾ ਕਰੋ ਮੇਰੇ ਹਾਲ ਉੱਤੇ ਹੋਵਾਂ ਆਕਬਤ ਵਿੱਚ ਖ਼ਲਾਸ ਭਾਈ
ਜਿਨ੍ਹਾਂ ਹਰ ਮੇਂ ਹਰੀ ਪਛਾਣ ਲਿਆ ਕੰਮ ਤਿਨ੍ਹਾ ਦਾ ਹੋਯਾ ਸਭ ਰਾਸ ਭਾਈ