ਪੰਨਾ:ਹੀਰ ਵਾਰਸਸ਼ਾਹ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਕੰਨ ਪਾੜ ਮੁਨਾ ਕੇ ਸੀਸ ਦਾੜ੍ਹੀ ਪੀ ਬਹੇ ਪਿਆਲੜਾ ਭੰਗ ਦਾ ਏ
ਕਰੇਂ ਫਰਜ਼ ਤਾਹੀਂ ਬੇੜਾ ਪਾਰ ਹੋਵੇ ਲਗੇ ਪਲਕ ਨਾ ਦੇਰ ਰੰਗ ਦਾ ਏ
ਸੱਭ ਸ਼ੇਖੀ ਮਸ਼ਾਇਕੀ ਛੱਡ ਕੇ ਤੇ ਬਾਣਾ ਧਾਰਿਆ ਫ਼ਕਰ ਨਿਹੰਗ ਦਾ ਏ
ਤੂੰ ਰੱਬ ਗਰੀਬ ਨਵਾਜ ਸਾਹਿਬ ਦਾ ਢਕਣਾ ਫ਼ਕਰ ਦੇ ਲੰਗ ਦਾ ਏ
ਜੋਗੀ ਹੋਇਕੇ ਦੇਸ ਤਿਆਗ ਆਯਾ ਰਿਜ਼ਕ ਦੂਰ ਹੈ ਕੁੰਜ ਕਲੰਗ ਦਾ ਏ
ਜੀਕੂੰ ਹੁਕਮ ਹੈ ਖੋਲ੍ਹਕੇ ਕਹੁ ਅਸਲੀ ਰਾਂਝਾ ਹੋ ਜੋਗੀ ਹੀਰ ਮੰਗ ਦਾ ਏ
ਹੋਯਾ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਏ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੇਸੋ ਫਕਰ ਨੂੰ ਜਨਮ ਮਲੰਗ ਦਾ ਏ
ਵਾਰਸਸ਼ਾਹ ਜਿਨ੍ਹਾਂ ਨੂੰ ਰਬ ਬਖਸ਼ੇ ਤਿਨ੍ਹਾਂ ਨਾਲ ਕੀ ਮਹਿਕਮਾ ਜੰਗ ਦਾ ਏ

ਬਾਲਨਾਥ ਨੇ ਰਾਂਝੇ ਨੂੰ ਖੁਸ਼ਖਬਰੀ ਦੇਣੀ

ਨਾਥ ਖੋਲ੍ਹ ਅਖੀਂ ਕਹਿਆ ਰਾਂਝਣੇ ਨੂੰ ਬਚਾ ਜਾਹ ਤੇਰਾ ਕੰਮ ਹੋਇਆ ਈ
ਫੁੱਲ ਆਣ ਲੱਗਾ ਉੱਸ ਬੂਟੜੇ ਨੂੰ ਜਿਹੜਾ ਵਿੱਚ ਦਰਗਾਹ ਦੇ ਬੋਇਆ ਈ
ਸੁਣਕੇ ਖੁਸ਼ੀ ਦੇ ਨਾਲ ਤਿਆਰ ਹੋਯਾ ਜੱਟ ਜੋਗ ਦੀ ਜੋਗ ਨੂੰ ਜੋਇਆ ਈ
ਪੜ੍ਹਕੇ ਫਾਤਿਹਾ ਖੈਰ ਦਾ ਗੁਰੂ ਸਾਹਿਬ ਬਚਨ ਫਤ੍ਹੇ ਦਾ ਮੁਖ ਥੀਂ ਗੋਇਆ ਈ
ਹੀਰ ਬਖਸ਼ ਦਿਤੀ ਸੱਚੇ ਰੱਬ ਤੈਨੂੰ ਮੋਤੀ ਲਾਲ ਦੇ ਨਾਲ ਪਰੋਇਆ ਈ
ਚੜ੍ਹ ਦੌੜਕੇ ਜਿੱਤ ਲੈ ਖੇੜਿਆਂ ਨੂੰ ਬੱਚਾ ਸਗਨ ਤੈਨੂੰ ਭਲਾ ਹੋਇਆ ਈ
ਕਮਰ ਕੱਸ ਉਦਾਸੀਆਂ ਬੰਨ੍ਹ ਲਈਆਂ ਜੋਗੀ ਤੁਰਤ ਤਿਆਰ ਹੀ ਹੋਇਆਂ ਈ
ਖੁਸ਼ੀ ਹੋ ਕੇ ਕਰੋ ਵਿਦਾ ਮੈਨੂੰ ਹੱਥ ਬੰਨ੍ਹ ਕੇ ਆਣ ਖਲੋਇਆ ਈ
ਕਰੋ ਮਿਹਰ ਮੇਰੇ ਪੁਸ਼ਤ ਲਾਓ ਥਾਪੀ ਰੁਖ਼ਸਤ ਦੇਹੋ ਵੇਲਾ ਰੱਲ ਢੋਇਆ ਈ
ਵਾਰਸਸ਼ਾਹ ਜਾਂ ਨਾਥ ਨੇ ਹੁਕਮ ਕੀਤਾ ਟਿਲਿਓਂ ਉਤਰਦਾ ਪੱਤਰਾ ਹੋਇਆ ਈ

ਬਾਲਨਾਥ ਪਾਸੋ ਰਾਂਝੇ ਨੇ ਰੰਗਪੁਰ ਦੀ ਤਰਫ ਤਿਆਰ ਹੋਣਾ

ਰਾਂਝੇ ਟੁਰਦਿਆਂ ਹੋਇਆਂ ਵਿਚਾਰ ਕੀਤੀ ਕੋਈ ਹੋਰ ਫਰੇਬ ਬਣਾਈਏ ਜੀ
ਪਟ ਬੂਟੀਆਂ ਟਿਲੇ ਦੀਆਂ ਪਾ ਬਗਲੀ ਧੁੱਪੇ ਰੱਖ ਕੇ ਚਾ ਸੁਕਾਈਏ ਜੀ
ਚੂਨਾ ਪੀਸ ਕੇ ਬਿੱਲ ਵਿਚ ਪਾ ਲਈਏ ਤਵਾਸ਼ੀਰ ਦਾ ਰੰਗ ਵਿਖਾਈਏ ਜੀ
ਇੱਟ ਸਿੱਟ ਦੀਆਂ ਜੜ੍ਹਾਂ ਨੂੰ ਪੁਟ ਕੇ ਤੇ ਜੜ੍ਹ ਪਾਨ ਦੀ ਆਖ ਸੁਣਾਈਏ ਜੀ
ਛਾਣ ਕੁਟ ਕੇ ਪੀਸ ਕੇ ਪਾ ਬਗਲੀ ਹੋਕਾ ਵੈਦਗੀ ਚਾ ਦਿਵਾਈਏ ਜੀ
ਕਿਸੇ ਫੰਦ ਫ਼ਰੇਬ ਜੇ ਮਿਲੇ ਪਿਆਰਾ ਟੂਣੇ ਸਿਹਰ ਜਾਦੂ ਪੜ੍ਹ ਜਾਈਏ ਜੀ
ਮੀਏਂ ਲਾਲ ਸ਼ਾਹਬਾਜ਼ ਹੁਸੈਨ ਵਾਂਗੂੰ ਵੰਗਾਂ ਚੂੜੀਆਂ ਨੱਥ ਚਾ ਪਾਈਏ ਜੀ
ਵਿਚੋਂ ਮਜਲਸੋਂ ਉਠ ਕੇ ਵਾਂਗ ਮਜਨੂੰ ਪੈਰ ਕੁੱਤਿਆਂ ਦੇ ਚੁੰਮ ਆਈਏ ਜੀ