ਪੰਨਾ:ਹੀਰ ਵਾਰਸਸ਼ਾਹ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਇੱਕ ਸੁਤੜੇ ਦਏਂ ਜਗਾ ਸਾਹਿਬਾ ਜ਼ਾਮਨ ਕਿਹੜਾ ਹੱਕ ਦੇ ਭਾਣਿਆਂ ਦਾ
ਖੇੜਾ ਹੀਰ ਪਰਨਾ ਘਰ ਜਾ ਬੈਠਾ ਹੋਇਆ ਵਾਰਸੀ ਹੁਸਨ ਟਿਕਾਣਿਆਂ ਦਾ
ਜੈਂਦੇ ਹੋਠ ਨਬਾਤ ਤੇ ਸ਼ਕਰ ਪਾਰੇ ਗਲ੍ਹਾਂ ਵਿੱਚ ਸਵਾਦ ਮਖਾਣਿਆਂ ਦਾ
ਰਾਂਝਾ ਚਾਕ ਹੋਯਾ ਲੱਖ ਦੁੱਖ ਝਾਕੇ ਹੀ ਕੀਤਾ ਸੀ ਚਾਕ ਬੇਆਣਿਆਂ ਦਾ
ਵੱਢੀ ਖਾਇਕੇ ਕਾਜ਼ੀ ਨਕਾਹ ਪੜ੍ਹਿਆ ਜਦੋਂ ਚਲਿਆ ਹੁਕਮ ਮਲਵਾਨਿਆਂ ਦਾ
ਮੇਰੇ ਕਰਮ ਸਵੱਲੜੇ ਆਣ ਜਾਗੇ ਖੇਤ ਜੰਮਿਆ ਭੰਨਿਆਂ ਦਾਣਿਆਂ ਦਾ
ਰਾਂਝਾ ਹੋ ਜੋਗੀ ਆਯਾ ਵਾਹੋ ਦਾਹੀ ਸ਼ੌਕ ਹੀਰ ਦਾ ਨਾਮ ਦੇਵਾਣਿਆਂ ਦਾ
ਵਾਰਸਸ਼ਾਹ ਮੀਆਂ ਵਡਾ ਵੈਦ ਰਾਂਝਾ ਸਰਦਾਰ ਹੈ ਸਭ ਸਿਆਣਿਆਂ ਦਾ

ਰਾਂਝੇ ਨੇ ਰੰਗ ਪਰ ਨੂੰ ਰਵਾਣਾ ਹੋਣਾ

ਰਾਂਝਾ ਹੋ ਤਿਆਰ ਜਾਂ ਉਠ ਟੁਰਿਆ ਜਾਂਦਾ ਪਿੰਡ ਦਰ ਪਿੰਡ ਫਿਰੋਤੜਾ ਨੀ
ਜੇੜੇ ਪਿੰਡ ਵਿੱਚ ਆਵੇ ਤਾਂ ਲੋਕ ਪੁੱਛਣ ਇਹ ਤਾਂ ਜੋਗੀੜਾ ਬਾਲੜਾ ਛੋਟੜਾ ਨੀ
ਕੰਨੀਂ ਮੁੰਦਰਾਂ ਇਸ ਨੂੰ ਨਾਂਹ ਫਬਣ ਇਹਦੇ ਤੇੜ ਨਾ ਬਣੇ ਲੰਗੋਟੜਾ ਨੀ
ਕੋਈ ਜੋਗੀਆਂ ਦੀ ਨਹੀਂ ਡੌਲ ਇਸਦੀ ਹੱਡ ਪੈਰ ਵਲੋਂ ਦੋਖੋ ਮੋਟੜਾ ਨੀ
ਜਗ੍ਹਾ ਮੁੰਦਰਾਂ ਦੀ ਸਈਓ ਸੋਹਣ ਵਾਲੇ ਹੱਥ ਸੋਂਹਦਾ ਰੰਗਲਾ ਸੋਟੜਾ ਨੀ
ਕਿਸੇ ਮਾਣ ਮੱਤੀ ਘਰੋਂ ਕੱਢ ਦਿੱਤਾ ਜੈਂਦੇ ਲਖੀ ਵਿਕਾਉਂਦਾ ਪੋਤੜਾ ਨੀ
ਸਾਨੂੰ ਇਸ ਜਿਹਾ ਚੰਦ ਜੇ ਹਥ ਆਵੇ ਪਹਿਨੇ ਜ਼ਰੀ ਤੇ ਬਾਦਲਾਂ ਗੋਟੜਾ ਨੀ
ਕਿਸੇ ਭਾਗਭਰੀ ਇਹਨੂੰ ਜੰਮਿਆ ਸੀ ਇਹ ਤਾਂ ਹੁਸਨ ਦੀ ਖਾਣ ਦਾ ਟੋਟੜਾ ਨੀ
ਸੱਤ ਜਨਮ ਕੇ ਹਮੀਂ ਹਾਂ ਨਾਥ ਪੂਰੇ ਕਦੇ ਵਾਹਿਆ ਨਹੀਓਂ ਜੋੜੜਾ ਨੀ
ਦੁੱਖ ਭੰਜਨ ਨਾਥ ਹੈ ਨਾਮ ਮੇਰਾ ਮੈਂ ਧਨੰਤਰ ਵੈਦ ਦਾ ਪੋਤਰਾ ਨੀ
ਹੀਰਾ ਨਾਥ ਹੈ ਵੱਡਾ ਗੁਰਦੇਵ ਸਾਡਾ ਚਲੇ ਓਸਦਾ ਪੂਜਣੇ ਚੌਤ੍ਹਰਾ ਨੀ
ਜੇ ਕੋਈ ਅਸਾਂ ਦੇ ਨਾਲ ਦਮ ਮਾਰਦਾ ਏ ਏਸ ਜੱਗ ਤੋਂ ਜਾਇਗਾ ਔਤਰਾ ਨੀ
ਅਸਾਂ ਨਾਲ ਹੀ ਰੱਬ ਨੇ ਕਰਮ ਕੀਤਾ ਅਸਾਂ ਜੋਗ ਨਾ ਲਿਆ ਜੋ ਖੋਟੜਾ ਨੀ
ਬਾਲ ਨਾਥ ਸੱਚਾ ਗੁਰੁ ਪਾਇਆ ਮੈਂ ਸੀਨਾ ਸਾਫ਼ ਹੈ ਨੂਰ ਦਾ ਧੋਤੜਾ ਨੀ
ਝੱਲ ਇਸ਼ਕ ਦਾ ਝਾਗਣਾ ਬਹੁਤ ਔਖਾ ਬਾਜ ਰਾਹਬਰਾਂ ਰਾਹਦਾ ਟੋਟੜਾ ਨੀ
ਜਿਸਨੂੰ ਇਸ਼ਕ ਦੀ ਰਮਜ਼ ਦੀ ਖਬਰ ਨਹੀਂ ਭਾਰ ਹੇਠ ਜਿਉਂ ਲਦਿਆ ਖੋਤੜਾ ਨੀ
ਅਸੀਂ ਫਕਰ ਹਾਂ ਜ਼ਾਹਰਾ ਨਾਗ ਕਾਲੇ ਕੂੰਡਾ ਬਗਲ ਤੇ ਹੱਥ ਭੰਗ ਘੋਟੜਾ ਨੀ
ਵਾਰਸਸ਼ਾਹ ਜੋ ਆਗਿਆ ਲਏ ਸਾਡੀ ਦੁੱਧ ਪੁੱਤਰਾਂ ਦੇ ਨਾਲ ਸੌਂਤਰਾ ਨੀ

ਤਥਾ

ਧਾਯਾ ਟਿੱਲਿਓਂ ਰਾਹ ਲੈ ਖੇੜਿਆਂ ਦਾ ਚਲਿਆਮੀਂਹ ਜਿਉਂ ਆਉਂਦਾ ਉਠ ਉੱਤੇ